ਖਰਚ ਵੇਰਵਿਆਂ ਬਾਰੇ ਸਚਾਈ ਦੀ ਜਿੱਤ ਹੋਈ: ਸ਼ੇਰਗਿੱਲ

04

May

2019

ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਨਾਲ ਨਿਆਂਪਾਲਿਕਾ ਵਿਚ ਉਨ੍ਹਾਂ ਦਾ ਭਰੋਸਾ ਹੋਰ ਵਧਿਆ ਹੈ ਤੇ ਸੱਚਾਈ ਦੀ ਜਿੱਤ ਹੋਈ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਹਾਈ ਕੋਰਟ ਤੋਂ ਲਿਆਂਦੀ ਮਿੱਟੀ ਨੂੰ ਚੁੰਮਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਹਾਈ ਕੋਰਟ ਤੋਂਂ ਇਨਸਾਫ਼ ਮਿਲੇਗਾ, ਕਿਉਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਪਿਛਲੀ ਵਾਰ ਚੋਣ ਲੜਨ ਤੋਂ ਬਾਅਦ ਖ਼ਰਚ ਸਬੰਧੀ ਵੇਰਵੇ ਪੇਸ਼ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚੋਣ ਲੜਨ ਤੋਂ ਰੋਕਣ ਲਈ ਵਿਰੋਧੀ ਪਾਰਟੀਆਂ ਦੀ ਚਾਲ ਸਫ਼ਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਨੂੰ ਹਲਕੇ ਦੇ ਲੋਕਾਂ ਵਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਕਾਂਗਰਸ ਕੋਲ ਕੋਈ ਚੋਣ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਨੋਰਥ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੈ। ਇਸ ਤੋਂ ਪਹਿਲਾਂ ਰਿਟਰਨਿੰਗ ਅਫ਼ਸਰ ਡਾ. ਸੁਮੀਤ ਕੁਮਾਰ ਜਾਰੰਗਲ ਨੇ ਹਾਈ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਨ ਲਈ ਚੋਣ ਕਮਿਸ਼ਨ ਤੋਂ ਮਿਲੀਆਂ ਹਦਾਇਤਾਂ ਅਨੁਸਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਦਗੀ ਕਾਗਜ਼ ਪ੍ਰਵਾਨ ਕਰ ਲਏ। ਉਨ੍ਹਾਂ ਦੇ ਪਿਤਾ ਕਵਰਿੰਗ ਉਮੀਦਵਾਰ ਭਜਨ ਸਿੰਘ ਸ਼ੇਰਗਿੱਲ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ।