Arash Info Corporation

ਨਾਜਾਇਜ਼ ਅਸਲਾ ਮਾਮਲਾ: ਮੁਲਜ਼ਮ ਔਰਤ ਨੇ ਪੇਸ਼ੀ ਭੁਗਤੀ

04

May

2019

ਐਸ.ਏ.ਐਸ. ਨਗਰ (ਮੁਹਾਲੀ), ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿੱਚ ਨਾਮਜ਼ਦ ਬੀਬੀ ਅੰਮ੍ਰਿਤਪਾਲ ਕੌਰ ਨੇ ਅੱਜ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ ਮੈਡਮ ਗਰੀਸ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਅੱਜ ਕੇਸ ਦੀ ਸੁਣਵਾਈ ਦੌਰਾਨ ਕੁਝ ਅਹਿਮ ਗਵਾਹਾਂ ਦੇ ਬਿਆਨ ਦਰਜ ਹੋਣੇ ਸਨ ਪਰ ਪੰਜਾਬ ਪੁਲੀਸ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਇਸ ਸਬੰਧੀ ਪੁਲੀਸ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਅੱਜ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦਾ ਮੈਚ ਹੈ ਜਿਸ ਕਾਰਨ ਜ਼ਿਆਦਾਤਰ ਪੁਲੀਸ ਫੋਰਸ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਹੈ ਤੇ ਉਹ ਜੇਲ੍ਹ ’ਚੋਂ ਮੁਲਜ਼ਮਾਂ ਨੂੰ ਨਹੀਂ ਲਿਆ ਸਕੇ। ਸਾਰੇ ਮੁਲਜ਼ਮ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਅੱਜ ਗਵਾਹਾਂ ਦੇ ਬਿਆਨ ਦਰਜ ਨਹੀਂ ਹੋ ਸਕੇ। ਬਚਾਅ ਪੱਖ ਦੇ ਵਕੀਲਾਂ ਸਰਬਜੀਤ ਸਿੰਘ ਬੈਂਸ, ਕੁਲਵਿੰਦਰ ਕੌਰ ਅਤੇ ਸੀਐਸ ਬਾਵਾ ਨੇ ਪੁਲੀਸ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਕ੍ਰਿਕਟ ਮੈਚ ਦੀ ਆੜ ਵਿੱਚ ਪੁਲੀਸ ਵੱਲੋਂ ਜਾਣਬੁੱਝ ਕੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਤਾਂ ਜੋ ਕੇਸ ਨੂੰ ਹੋਰ ਲਮਕਾਇਆ ਜਾ ਸਕੇ। ਇਸ ਕੇਸ ਦੀ ਪੈਰਵੀ ਸਿੱਖ ਰਿਲੀਫ ਯੂਕੇ ਵੱਲੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਹਾਲੀ ਦੇ ਥਾਣਾ ਫੇਜ਼-1 ਵਿੱਚ 25 ਮਈ 2017 ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੀ ਸੁਣਵਾਈ 29 ਮਈ ਤੱਕ ਟਾਲ ਦਿੱਤੀ ਹੈ। ਇਸ ਮਾਮਲੇ ਵਿੱਚ ਹਰਵਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ, ਰਣਦੀਪ ਸਿੰਘ ਵਾਸੀ ਜਿੰਦੜ ਗੁਰਦਾਸਪੁਰ, ਜਰਨੈਲ ਸਿੰਘ ਵਾਸੀ ਕਲਾਨੌਰ, ਸੁਖਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਤਨਾਮ ਸਿੰਘ ਪਿੰਡ ਦੋਦਾ ਮੁਕਤਸਰ ਸਮੇਤ 11 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੋਇਆ ਹੈ। ਪਿਛਲੇ ਦਿਨੀਂ ਇਕ ਮੁਲਜ਼ਮ ਸੁਖਪ੍ਰੀਤ ਸਿੰਘ ਦੀ ਨਾਭਾ ਜੇਲ੍ਹ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਚੁੱਕੀ ਹੈ।