ਸ਼ਰਾਬ ਫੈਕਟਰੀ ਦੇ ਸਪਿਰਟ ਟੈਂਕ ਨੂੰ ਅੱਗ ਲੱਗੀ; ਮੁਲਾਜ਼ਮ ਝੁਲਸਿਆ

04

May

2019

ਬਨੂੜ, ਇੱਥੋਂ ਨੰਡਿਆਲੀ ਨੂੰ ਜਾਂਦੇ ਮਾਰਗ ਉੱਤੇ ਸਥਿਤ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਨਾਮੀਂ ਸ਼ਰਾਬ ਫ਼ੈਕਟਰੀ ਵਿਚ ਸਪਿਰਟ ਦੇ ਟੈਂਕ ਨੂੰ ਅੱਜ ਅੱਗ ਲੱਗ ਗਈ ਤੇ ਫੈਕਟਰੀ ਦਾ ਮੁਲਾਜ਼ਮ ਝੁਲਸ ਗਿਆ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੀਆਂ ਚੰਡੀਗੜ੍ਹ, ਮੁਹਾਲੀ, ਪਟਿਆਲਾ, ਥਰਮਲ ਪਲਾਂਟ ਨਲਾਸ, ਰਾਜਪੁਰਾ, ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਡੇਰਾਬਸੀ, ਨਾਭਾ ਤੋਂ ਆਈਆਂ ਡੇਢ ਦਰਜਨ ਦੇ ਕਰੀਬ ਗੱਡੀਆਂ ਨੇ ਚਾਰ ਘੰਟੇ ਦੀ ਜੱਦੋ-ਜਹਿਦ ਮਗਰੋਂ ਬਾਦ ਦੁਪਹਿਰ ਚਾਰ ਵਜੇ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਪਿਰਟ ਟੈਂਕਾਂ ਵਾਲੇ ਖੇਤਰ ਵਿੱਚ 20 ਟੈਂਕ ਪਏ ਸਨ। ਇੱਕ ਵੱਡੇ ਧਮਾਕੇ ਨਾਲ ਸਪਿਰਟ ਦੇ ਇੱਕ ਟੈਂਕ ਨੂੰ ਅੱਗ ਲੱਗ ਗਈ। ਉਸ ਸਮੇਂ ਉੱਥੇ ਦੋ ਮੁਲਾਜ਼ਮ ਮੌਜੂਦ ਸਨ ਜਿਨ੍ਹਾਂ ਵਿੱਚੋਂ ਉੱਤਰ ਪ੍ਰਦੇਸ਼ ਦਾ ਵਸਨੀਕ ਅੰਕਿਤ ਅੱਗ ਨਾਲ ਝੁਲਸਿਆ ਗਿਆ। ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਮੁਲਾਜ਼ਮ ਨੇ ਟੈਂਕ ਕੋਲੋਂ ਛਾਲ ਮਾਰ ਦਿੱਤੀ ਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਅੱਗ ਲੱਗਦਿਆਂ ਹੀ ਫੈਕਟਰੀ ਵਿੱਚ ਮੌਜੂਦ ਫਾਇਰ ਬ੍ਰਿਗੇਡ ਦੇ ਅੰਦਰੂਨੀ ਅਮਲੇ ਨੇ ਬਚਾਅ ਕਾਰਜ ਆਰੰਭੇ ਅਤੇ ਅੱਗ ਨੂੰ ਫੈਕਟਰੀ ਵਾਲੇ ਪਾਸੇ ਵਧਣ ਤੋਂ ਰੋਕਿਆ। ਇਸੇ ਖੇਤਰ ਵਿੱਚ ਪਏ ਈਥੋਨ ਦੇ ਭੰਡਾਰ ਵੱਲ ਵੀ ਅੱਗ ਨੂੰ ਜਾਣ ਤੋਂ ਰੋਕਣ ਵਿੱਚ ਮੁਲਾਜ਼ਮਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਅਹਿਮ ਭੂਮਿਕਾ ਨਿਭਾਈ। ਅੱਗ ਲੱਗਦਿਆਂ ਹੀ ਫੈਕਟਰੀ ਡਾਇਰੈਕਟਰ ਪੁਸ਼ਪਿੰਦਰ ਸਿੰਘ, ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਸੰਧੂ, ਅਰਵਿੰਦ ਰਾਠੀ, ਅਸ਼ੀਸ਼ ਮਿਸ਼ਰਾ, ਹਾਕਮ ਸਿੰਘ ਆਦਿ ਨੇ ਖ਼ੁਦ ਬਚਾਓ ਕਾਰਜਾਂ ਦੀ ਅਗਵਾਈ ਕੀਤੀ। ਮੁਹਾਲੀ ਦੀ ਤਹਿਸੀਲਦਾਰ ਸੁਖਪਿੰਦਰ ਕੌਰ, ਨਾਇਬ ਤਹਿਸੀਲਦਾਰ (ਬਨੂੜ) ਹਰਨੇਕ ਸਿੰਘ, ਐਸਡੀਐਮ (ਰਾਜਪੁਰਾ) ਰਜਨੀਸ਼ ਅਰੋੜਾ, ਡੀਐਸਪੀ (ਰਾਜਪੁਰਾ) ਮਨਪ੍ਰੀਤ ਸਿੰਘ, ਐਸਐਚਓ (ਬਨੂੜ) ਨਿਰਮਲ ਸਿੰਘ, ਈਓ ਗੁਰਦੀਪ ਸਿੰਘ ਭੋਗਲ ਤੇ ਡਿਊਟੀ ਅਫ਼ਸਰ ਰਾਕੇਸ਼ ਕੁਮਾਰ ਮੌਕੇ ’ਤੇ ਪੁੱਜ ਗਏ। ਫੈਕਟਰੀ ਦੇ ਐਮਡੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸਪਿਰਟ ਦੇ ਇੱਕ ਟੈਂਕਰ ਦੀ ਕਪੈਸਿਟੀ 80,000 ਲੀਟਰ ਹੁੰਦੀ ਹੈ। ਨੁਕਸਾਨ ਦਾ ਪੂਰਾ ਜਾਇਜ਼ਾ ਐਕਸਾਈਜ਼ ਵਿਭਾਗ ਦੀ ਪੜਤਾਲ ਤੋਂ ਬਾਅਦ ਲੱਗੇਗਾ। ਘਟਨਾ ਵੇਲੇ ਫੈਕਟਰੀ ਵਿੱਚ ਕੰਮ ਕਰਦੇ ਇੱਕ ਹਜ਼ਾਰ ਮੁਲਾਜ਼ਮਾਂ ਨੂੰ ਪ੍ਰਬੰਧਕਾਂ ਨੇ ਫੈਕਟਰੀ ਤੋਂ ਬਾਹਰ ਕੱਢ ਦਿੱਤਾ। ਆਲੇ-ਦੁਆਲੇ ਦੇ ਪਿੰਡਾਂ ਅਤੇ ਬਨੂੜ ਸ਼ਹਿਰ ਦੇ ਵਸਨੀਕ ਵੀ ਮੌਕੇ ’ਤੇ ਪੁੱਜੇ ਅਤੇ ਅੱਗ ਬੁਝਾਉਣ ਲਈ ਯੋਗਦਾਨ ਪਾਇਆ। ਅੱਗ ਕਾਬੂ ਹੇਠ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।