ਬਾਂਸਲ, ਕਿਰਨ ਤੇ ਧਵਨ ਇਕ ਮੰਚ ’ਤੇ ਹੋਏ ਇਕੱਠੇ

04

May

2019

ਚੰਡੀਗੜ੍ਹ, ਚੰਡੀਗੜ੍ਹ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕ ਸਭਾ ਹਲਕੇ ਤੋਂ ਤਿੰਨ ਮੁੱਖ ਉਮੀਦਵਾਰ ਭਾਜਪਾ ਦੀ ਕਿਰਨ ਖੇਰ, ਕਾਂਗਰਸ ਦੇ ਪਵਨ ਕੁਮਾਰ ਬਾਂਸਲ ਅਤੇ ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ ਅੱਜ ਇਕ ਮੰਚ ’ਤੇ ਨਜ਼ਰ ਆਏ। ਇਹ ਤਿੰਨੇ ਉਮੀਦਵਾਰ ਅੱਜ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਬਣਾਉਣ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਤੇ ਇਸ ਦੇ ਸਮੂਹ ਸਹਿਯੋਗੀ ਸੰਗਠਨਾਂ ਵਲੋਂ ਪੰਜਾਬ ਕਲਾ ਭਵਨ ਸੈਕਟਰ 16 ਵਿਚ ਰੱਖੀ ਖੁੱਲ੍ਹ ਬਹਿਸ ਵਿਚ ਸ਼ਾਮਲ ਹੋਏ। ਜਿਥੇ ਪੰਜਾਬੀ ਦਰਦੀਆਂ ਦੀ ਕਚਹਿਰੀ ਵਿਚ ਤਿੰਨੋਂ ਉਮੀਦਵਾਰਾਂ ਨੇ ਆਪੋ-ਆਪਣੇ ਨਜ਼ਰੀਏ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮਾਂ ਬੋਲੀ ਪੰਜਾਬੀ ਦੇ ਹੀ ਧੀਆਂ-ਪੁੱਤ ਹਾਂ ਤੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਉਨ੍ਹਾਂ ਮੂਹਰੇ ਮੰਚ ਦੇ ਸੰਘਰਸ਼ ਤੇ ਮਾਂ ਬੋਲੀ ਪੰਜਾਬੀ ਨੂੰ ਕਿਵੇਂ ਚੰਡੀਗੜ੍ਹ ਵਿਚੋਂ ਬਾਹਰ ਕੀਤਾ ਗਿਆ ਤੇ ਸਮੇਂ-ਸਮੇਂ ਦੇ ਸਿਆਸਤਦਾਨਾਂ ਦੀ ਇਸ ਵਿਚ ਕੀ ਭੂਮਿਕਾ ਰਹੀ, ਉਹ ਸਾਰੇ ਮਾਮਲੇ ਨੂੰ ਸਟੇਜ ਤੋਂ ਚੰਡੀਗੜ੍ਹ ਪੰਜਾਬੀ ਮੰਚ ਦੇ ਆਗੂਆਂਂ ਨੇ ਉਠਾਇਆ। ਆਗੂਆਂ ਨੇ ਤਿੰਨੋਂ ਉਮੀਦਵਾਰਾਂ ਨੂੰ ਆਪਣੇ ਅੰਦਾਜ਼ ਵਿਚ ਦੱਸ ਦਿੱਤਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਤੁਹਾਨੂੰ ਤਿੰਨਾਂ ਨੂੰ ਮੌਕੇ ਦਿੱਤੇ, ਕੇਂਦਰ ਤੱਕ ਭੇਜਿਆ, ਮੰਤਰੀ ਅਹੁਦੇ ਵੀ ਦਿਵਾਏ, ਪਰ ਤੁਸੀਂ ਪੰਜਾਬੀ ਭਾਸ਼ਾ ਦੀ ਤੇ ਪੰਜਾਬੀਆਂ ਦੀ ਬਾਂਹ ਨਹੀਂ ਫੜੀ। ਇਸ ਮੌਕੇ ਮੰਚ ਤੋਂ ਆਪਣੀ ਤਕਰੀਰ ਸਾਂਝੀ ਕਰਦਿਆਂ ਤਿੰਨੋਂ ਲੋਕ ਸਭਾ ਉਮੀਦਵਾਰਾਂ ਨੇ ਖੁਦ ਨੂੰ ਪੰਜਾਬੀ ਹੋਣ ’ਤੇ ਮਾਣ ਕੀਤਾ ਤੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਹਾਂ। ਪਵਨ ਕੁਮਾਰ ਬਾਂਸਲ ਨੇ ਆਖਿਆ ਕਿ ਮੈਂ ਸਮੇਂ-ਸਮੇਂ ਸਿਰ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਬਹਾਲੀ ਖਾਤਰ ਕੇਂਦਰ ਦੀਆਂ ਸਰਕਾਰਾਂ ਨੂੰ, ਵਿਭਾਗਾਂ ਨੂੰ, ਮੰਤਰੀਆਂ ਨੂੰ ਤੇ ਰਾਜਪਾਲ ਨੂੰ ਚਿੱਠੀਆਂ ਲਿਖੀਆਂ ਤੇ ਉਨ੍ਹਾਂ ਆਖਿਆ ਕਿ ਜੇਕਰ ਚੰਡੀਗੜ੍ਹ ਵਾਸੀਆਂ ਨੇ ਮੈਨੂੰ ਚੁਣਿਆ ਤਾਂ ਮੈਂ ਪੰਜਾਬੀ ਭਾਸ਼ਾ ਦੀ ਬਹਾਲੀ ਖਾਤਰ ਪੂਰੀ ਜੱਦੋ-ਜਹਿਦ ਕਰਾਂਗਾ। ਇਸੇ ਤਰ੍ਹਾਂ ਮੰਚ ਤੋਂ ਆਪਣੀ ਗੱਲ ਸਾਂਝੀ ਕਰਦਿਆਂ ਕਿਰਨ ਖੇਰ ਨੇ ਆਖਿਆ ਕਿ ਅਫਸਰਸ਼ਾਹੀ ਤੇ ਕੇਂਦਰ ਦੀ ਭੂਮਿਕਾ ਮਾਂ ਬੋਲੀ ਪ੍ਰਤੀ ਬੇਸ਼ੱਕ ਸੁਚਾਰੂ ਨਾ ਰਹੀ ਹੋਵੇ ਪਰ ਮੈਂ ਸਿੱਖਾਂ ਦੀ ਧੀ ਹਾਂ, ਪੰਜਾਬਣ ਹਾਂ ਤੇ ਇਸ ਲਈ ਮੈਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਹਨ ਤੇ ਜੇ ਦੁਬਾਰਾ ਚੁਣੀ ਤਾਂ ਫਿਰ ਪੰਜਾਬੀ ਦੇ ਸਨਮਾਨ ਖਾਤਰ ਪੁਰਜ਼ੋਰ ਕੋਸ਼ਿਸ਼ ਕਰਾਂਗੀ। ਇਸੇ ਤਰ੍ਹਾਂ ਹਰਮੋਹਨ ਧਵਨ ਨੇ ਵੀ ਜਿੱਥੇ ਆਪਣੇ ਸਮੇਂ ਕਰਵਾਏ ਕੰਮਾਂ ਦਾ ਜ਼ਿਕਰ ਕੀਤਾ, ਉਥੇ ਉਨ੍ਹਾਂ ਵਾਅਦਾ ਵੀ ਕੀਤਾ ਕਿ ਜੇਕਰ ਮੈਂ ਸੰਸਦ ਮੈਂਬਰ ਚੁਣਿਆ ਜਾਂਦਾ ਹਾਂ ਤਾਂ ਦੋ ਸਾਲਾਂ ਦੇ ਅੰਦਰ-ਅੰਦਰ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਵਾਂਗਾ ਨਹੀਂ ਤਾਂ ਫਿਰ ਅਸਤੀਫਾ ਦੇ ਦਿਆਂਗਾ। ਬੇਸ਼ੱਕ ਤਿੰਨੋਂ ਉਮੀਦਵਾਰ ਇਕੋ ਸਮੇਂ ਮੰਚ ’ਤੇ ਮੌਜੂਦ ਸਨ, ਪਰ ਪੰਜਾਬੀ ਦਰਦੀਆਂ ਨੇ ਬੜੀ ਗੰਭੀਰਤਾ ਨਾਲ ਉਨ੍ਹਾਂ ਦੀ ਗੱਲ ਸੁਣੀ, ਜੋ ਮੰਚ ਵਲੋਂ ਤੈਅ ਸੀ ਕਿ ਅੱਜ ਉਨ੍ਹਾਂ ਦੀ ਰਾਏ ਜਾਣਨੀ ਹੈ ਤੇ ਫੈਸਲਾ ਅਸੀਂ ਕਰਨਾ ਹੈ। ਇਸ ਮੌਕੇ ਮੰਚ ਦੀ ਕਾਰਵਾਈ ਜਿਥੇ ਸਾਂਝੇ ਤੌਰ ’ਤੇ ਸੁਖਜੀਤ ਸਿੰਘ ਸੁੱਖਾ ਤੇ ਗੁਰਪ੍ਰੀਤ ਸੋਮਲ ਨੇ ਨਿਭਾਈ, ਉਥੇ ਹੀ ਤਿੰਨੋਂ ਉਮੀਦਵਾਰਾਂ ਨੂੰ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਬੁੜੈਲ ਤੇ ਦੀਪਕ ਸ਼ਰਮਾ ਚਨਾਰਥਲ ਵਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਚੰਡੀਗੜ੍ਹ ਪੰਜਾਬੀ ਮੰਚ ਦੀ ਸੱਥ ਵਿਚ ਪੇਂਡੂ ਸੰਘਰਸ਼ ਕਮੇਟੀ, ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕ ਸਭਾ ਤੇ ਹੋਰ ਸਹਿਯੋਗੀ ਸੰਗਠਨਾਂ ਦੇ ਅਹੁਦੇਦਾਰ, ਨੁਮਾਇੰਦੇ ਤੇ ਮੈਂਬਰ ਸ਼ਾਮਲ ਸਨ।