ਸਾਬਕਾ ਐੱਸਐੱਸਪੀ ਫੇਰੂਰਾਏ ਸਣੇ 11 ਮੁਲਜ਼ਮ ਬਰੀ

02

May

2019

ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 16 ਸਾਲ ਪੁਰਾਣੇ ਅਸਲਾ ਲਾਇਸੈਂਸ ਬਣਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਨਿਯਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਫ਼ਿਰੋਜ਼ਪੁਰ ਦੇ ਸਾਬਕਾ ਐੱਸਐੱਸਪੀ ਗੁਰਚਰਨ ਸਿੰਘ ਫੇਰੂਰਾਏ ਸਮੇਤ 11 ਹੋਰ ਨਾਮਜ਼ਦ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਸਬੰਧੀ ਸੀਬੀਆਈ ਨੇ 16 ਜੁਲਾਈ, 2003 ਨੂੰ ਆਈਪੀਸੀ ਦੀ ਧਾਰਾ 420, 120ਬੀ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮੌਜੂਦਾ ਸਮੇਂ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਐੱਨਐੱਸ ਗਿੱਲ ਦੀ ਅਦਾਲਤ ਵਿਚ ਚੱਲ ਰਹੀ ਸੀ। ਸੀਬੀਆਈ ਵੱਲੋਂ ਇਸ ਮਾਮਲੇ ਵਿਚ ਸਾਬਕਾ ਐੱਸਐੱਸਪੀ ਗੁਰਚਰਨ ਸਿੰਘ ਫੇਰੂਰਾਏ, ਊਧਮ ਸਿੰਘ, ਦਲਜੀਤ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਉਸ ਦੇ ਭਰਾ ਹਰਪਿੰਦਰ ਸਿੰਘ, ਦਰਸ਼ਨ ਸਿੰਘ, ਮੱਘਰ ਸਿੰਘ, ਮਨਮਿੰਦਰ ਸਿੰਘ, ਬਲਰਾਜ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਦਿਆਲ ਸਿੰਘ ਅਤੇ ਹੌਲਦਾਰ ਜਰਨੈਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਾਲਤ ਵਿਚ ਟਰਾਇਲ ਦੌਰਾਨ ਗੁਰਦਿਆਲ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਹਰਪਿੰਦਰ ਸਿੰਘ ਅਤੇ ਬਲਰਾਜ ਸਿੰਘ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਸੀਬੀਆਈ ਨੇ ਅਦਾਲਤ ਵਿਚ ਦਾਇਰ ਚਾਰਜਸ਼ੀਟ ਵਿੱਚ ਦੋਸ਼ ਲਾਇਆ ਸੀ ਕਿ ਸਾਬਕਾ ਪੁਲੀਸ ਮੁਖੀ ਨੇ ਫਿਰੋਜ਼ਪੁਰ ਵਿਚ ਤਾਇਨਾਤੀ ਦੌਰਾਨ ਕਥਿਤ ਤੌਰ ’ਤੇ ਆਪਣੇ ਕਰੀਬ ਦੋ ਦਰਜਨ ਰਿਸ਼ਤੇਦਾਰਾਂ ਦੀ ਅਸਲਾ ਲਾਇਸੈਂਸ ਬਣਾਉਣ ਵਿਚ ਮਦਦ ਕੀਤੀ ਸੀ।