Arash Info Corporation

ਸਿੱਧੂ ਨੇ ਬਾਂਸਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ

02

May

2019

ਚੰਡੀਗੜ੍ਹ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਾਮ ਵੇਲੇ ਸੈਕਟਰ-22 ਵਿੱਚ ਰੈਲੀ ਦੌਰਾਨ ਪਵਨ ਕੁਮਾਰ ਬਾਂਸਲ ਲਈ ਵੋਟਾਂ ਮੰਗੀਆਂ। ਦੱਸਣਯੋਗ ਹੈ ਕਿ ਸ੍ਰੀ ਸਿੱਧੂ ਨੇ ਚੰਡੀਗੜ੍ਹ ਤੋਂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਟਿਕਟ ਦਿਵਾਉਣ ਦੇ ਯਤਨ ਕੀਤੇ ਸਨ ਪਰ ਉਹ ਕਾਮਯਾਬ ਨਹੀਂ ਹੋ ਸਕੇ ਸਨ। ਜਦੋਂ ਡਾ. ਸਿੱਧੂ ਨੇ ਚੰਡੀਗੜ੍ਹ ਦੀ ਟਿਕਟ ਉਪਰ ਦਾਅਵਾ ਠੋਕਿਆ ਸੀ ਤਾਂ ਉਨ੍ਹਾਂ ਇਥੇ ਵਿੱਢੀਆਂ ਸਰਗਰਮੀਆਂ ਦੌਰਾਨ ਕਈ ਵਾਰ ਸ੍ਰੀ ਬਾਂਸਲ ਦੀ ਕਾਰਗੁਜ਼ਾਰੀ ਉਪਰ ਸਵਾਲ ਖੜ੍ਹੇ ਕੀਤੇ ਸਨ ਪਰ ਅੱਜ ਸ੍ਰੀ ਸਿੱਧੂ ਨੇ ਸ੍ਰੀ ਬਾਂਸਲ ਦੀਆਂ ਸਿਫਤਾਂ ਕਰਦਿਆਂ ਉਨ੍ਹਾਂ ਲਈ ਵੋਟਾਂ ਮੰਗੀਆਂ। ਸੂਤਰਾਂ ਅਨੁਸਾਰ ਚੰਡੀਗੜ੍ਹ ਕਾਂਗਰਸ ਨੇ ਹਾਈ ਕਮਾਂਡ ਕੋਲੋਂ ਮੰਗ ਕੀਤੀ ਸੀ ਕਿ ਸ੍ਰੀ ਸਿੱਧੂ ਨੂੰ ਚੰਡੀਗੜ੍ਹ ਵਿਚ ਸਟਾਰ ਪ੍ਰਚਾਰਕ ਵਜੋਂ ਭੇਜਿਆ ਜਾਵੇ। ਸ੍ਰੀ ਸਿੱਧੂ ਵੱਲੋਂ ਅੱਜ ਸ੍ਰੀ ਬਾਂਸਲ ਦੇ ਸਮਰਥਨ ਵਿਚ ਆਉਣ ਕਾਰਨ ਕੱਲ੍ਹ ਹੀ ਭਾਜਪਾ ਵਿਚ ਸ਼ਾਮਲ ਹੋਈ ਕਾਂਗਰਸ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਨੂੰ ਭਾਰੀ ਝਟਕਾ ਲੱਗਾ ਹੈ ਕਿਉਂਕਿ ਉਹ ਡਾ. ਸਿੱਧੂ ਨੂੰ ਟਿਕਟ ਨਾ ਦੇਣ ਦੇ ਰੋਸ ਵਜੋਂ ਹੀ ਭਾਜਪਾ ਵਿਚ ਸ਼ਾਮਲ ਹੋਈ ਸੀ। ਸ੍ਰੀ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਹੀ ਅੰਦਾਜ਼ ਵਿਚ ਜਿਥੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਸਿਆਸੀ ਹਮਲੇ ਕੀਤੇ ਉਥੇ ਸ੍ਰੀ ਬਾਂਸਲ ਲਈ ਵੋਟਾਂ ਮੰਗੀਆਂ। ਇਸ ਮੌਕੇ ਸ੍ਰੀ ਬਾਂਸਲ ’ਤੇ ਸ੍ਰੀ ਛਾਬੜਾ ਸਮੇਤ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੜੀਆ, ਭੁਪਿੰਦਰ ਸਿੰਘ ਬਡਹੇੜੀ ਤੇ ਦਵਿੰਦਰ ਬਬਲਾ ਆਦਿ ਮੌਜੂਦ ਸਨ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਵੀ ਰੈਲੀ ’ਚ ਸ਼ਿਰਕਤ ਕੀਤੀ।