Arash Info Corporation

ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਦੋ ਵਿਧਵਾਵਾਂ ਨੇ ਭਰੇ ਕਾਗਜ਼ - ਰਵਾਇਤੀ ਪਾਰਟੀਆਂ ਨਾਲ ਲੈਣਗੀਆਂ ਟੱਕਰ

30

April

2019

ਬਠਿੰਡਾ, 30 ਅਪ੍ਰੈਲ 2019 - ਪੰਜਾਬ ਦੇ ਦਿਨੋ ਦਿਨ ਵਧ ਰਹੇ ਸਿਆਸੀ ਤਾਪਮਾਨ ਵਿਚਕਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਦੋ ਅਜਿਹੀਆਂ ਔਰਤਾਂ ਨੇ ਉਮੀਦਵਾਰੀ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿੰਨ੍ਹਾਂ ਕੋਲ ਨਾ ਤਾਂ ਕੋਈ ਫੰਡ ਨੇ ਤੇ ਨਾ ਹੀ ਪ੍ਰਚਾਰ ਲਈ ਫਿਲਮੀ ਸਟਾਰ ਜਾਂ ਮਸ਼ਹੂਰ ਸ਼ਖਸੀਅਤ ਦਾ ਚਿਹਰਾ ਹੈ। ਬਠਿੰਡਾ ਲੋਕ ਸਭਾ ਹਲਕਾ, ਜਿਥੇ ਪੰਜਾਬ ਦੀਆਂ ਤਿੰਨ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਜਿੱਤਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਓਥੇ ਹੀ ਇੰਨ੍ਹਾਂ ਚੋਟੀ ਦੀਆਂ ਸਿਆਸੀ ਪਾਰਟੀਆਂ ਨਾਲ ਕਰਜ਼ੇ ਅਤੇ ਮਹਿੰਗਾਈ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੀਆਂ ਦੋ ਵਿਧਵਾਵਾਂ ਚੋਣ ਮੈਦਾਨ 'ਚ ਉਤਰੀਆਂ ਹਨ। ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਦੋ ਵਿਧਵਾਵਾਂ ਵੀਰਪਾਲ ਕੌਰ ਅਤੇ ਮਨਜੀਤ ਕੌਰ ਨੇ ਬੀਤੇ ਕੱਲ੍ਹ ਬਠਿੰਡਾ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੋਹਾਂ ਨੇ ਸਿਰਾਂ 'ਤੇ ਚਿੱਟੀਆਂ ਚੁੰਨੀਆਂ ਲੈ ਕੇ ਰੋਡ ਸ਼ੋਅ ਕੀਤਾ। ਵੀਰਪਾਲ ਕੌਰ ਤੇ ਮਨਜੀਤ ਕੌਰ ਨੇ ਚੋਣ ਪ੍ਰਚਾਰ ਖਾਤਰ ਚਿੱਟੀਆਂ ਚੁੰਨੀਆਂ ਦਾ ਪੱਲਾ ਅੱਡਿਆ ਤਾਂ ਲੋਕਾਂ ਨੇ ਆਪਣੀ ਜੇਬ੍ਹ ’ਚੋਂ ਪੰਜ ਜਾਂ ਦਸ ਰੁਪਏ ਕੱਢ ਉਨ੍ਹਾਂ ਦੀ ਝੋਲੀ ਪਾਏ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਨੇ ਕਿਹਾ ਕਿ ਹੁਣ ਵਿਧਵਾਵਾਂ ਦਾ ਇਕੱਠ ਹੋਵੇਗਾ, ਜੋ ਫੈਸਲਾ ਕਰੇਗਾ ਕਿ ਚੋਣ ਵੀਰਪਾਲ ਲੜੇਗੀ ਜਾਂ ਮਨਜੀਤ। ਇਨ੍ਹਾਂ ਵਿਧਵਾਵਾਂ ਕੋਲ ਕਾਗ਼ਜ਼ ਦਾਖਲ ਕਰਨ ਮੌਕੇ ਦਿੱਤੀ ਜਾਣ ਵਾਲੀ ਜ਼ਮਾਨਤ ਰਾਸ਼ੀ ਵੀ ਨਹੀਂ ਸੀ। ਪੰਜ ਪੰਜ ਰੁਪਏ ਪੀੜਤ ਪਰਿਵਾਰਾਂ ਨੇ ਇਕੱਠੇ ਕੀਤੇ, ਤਾਂ ਜੋ ਜ਼ਮਾਨਤ ਰਾਸ਼ੀ ਜੁੜ ਸਕੇ। ਵੀਰਪਾਲ ਕੌਰ ਦੀ ਪੌਣੇ ਤਿੰਨ ਲੱਖ ਰੁਪਏ ਦੀ ਜਾਇਦਾਦ ਹੈ ਜਦੋਂ ਕਿ ਉਸਦੇ ਸਿਰ 5.90 ਲੱਖ ਰੁਪਏ ਦਾ ਕਰਜ਼ਾ ਹੈ। ਹਲਫ਼ਨਾਮੇ ਅਨੁਸਾਰ ਇਸ ਵਿਧਵਾ ਕੋਲ ਕੋਈ ਘਰ ਨਹੀਂ ਅਤੇ ਸਿਰਫ਼ ਦੋ ਲੱਖ ਰੁਪਏ ਦੀ ਕੀਮਤ ਵਾਲੀ ਜ਼ਮੀਨ ਹੈ। ਇਸ ਵਿਧਵਾ ਨੇ ਦੋ ਜਣਿਆਂ ਦਾ 5.90 ਲੱਖ ਰੁਪਏ ਦਾ ਕਰਜ਼ਾ ਦੇਣਾ ਹੈ। ਉਧਰ ਮਨਜੀਤ ਕੌਰ ਕੋਲ ਕੋਈ ਜ਼ਮੀਨ ਹੀ ਨਹੀਂ। ਸਿਰਫ਼ ਪੰਜ ਲੱਖ ਦੀ ਕੀਮਤ ਵਾਲਾ ਘਰ ਹੈ ਜਦੋਂ ਕਿ ਉਹਦੇ ਸਿਰ ਵੀ ਪੰਜ ਲੱਖ ਰੁਪਏ ਦਾ ਕਰਜ਼ਾ ਹੈ।