Arash Info Corporation

ਚੰਦੂਮਾਜਰਾ ਵੱਲੋਂ ਮੁਹੱਈਆ ਕਰਵਾਏ ਵਾਟਰ ਟੈਂਕਰਾਂ ’ਤੇ ਸਿਆਸਤ ਭਖੀ

29

April

2019

ਐਸ.ਏ.ਐਸ.ਨਗਰ (ਮੁਹਾਲੀ), ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਫੰਡਾਂ ਵਿੱਚੋਂ ਪਿੰਡਾਂ ਵਿੱਚ ਮੁਹੱਈਆ ਕਰਵਾਏ ਗਏ ਸੈਂਕੜੇ ਵਾਟਰ ਟੈਂਕਰ, ਲੋਕਾਂ ਦੇ ਬੈਠਣ ਵਾਲੇ ਬੈਂਚਾਂ, ਓਪਨ ਜਿੰਮਾਂ ਉੱਤੇ ਸਿਆਸਤ ਗਰਮਾ ਗਈ ਹੈ। ਕਾਂਗਰਸ ਵੱਲੋਂ ਇਨ੍ਹਾਂ ਵਸਤਾਂ ਦੀ ਕੀਮਤ ਅਤੇ ਮਿਆਰ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਿੰਡਾਂ ਵਿੱਚ ਆਈਆਂ ਇਨ੍ਹਾਂ ਵਸਤਾਂ ਵਿੱਚ ਵੱਡੇ ਘੋਟਾਲਿਆਂ ਦੇ ਦੋਸ਼ ਲਾ ਰਹੇ ਹਨ। ਵੱਖ ਵੱਖ ਪਿੰਡਾਂ ਵਿੱਚ ਬੋਲਦਿਆਂ ਬਲਬੀਰ ਸਿੱਧੂ ਨੇ ਦੋਸ਼ ਲਾਇਆ ਕਿ ਮਾਰਕੀਟ ਵਿੱਚ 40 ਹਜ਼ਾਰ ਵਿੱਚ ਮਿਲਣ ਵਾਲੇ ਪਾਣੀ ਦੇ ਟੈਂਕਰ ਲਈ ਇੱਕ ਇੱਕ ਲੱਖ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਸਾਂਸਦ ਨੇ ਇਹ ਟੈਂਕਰ ਆਪਣੇ ਚਹੇਤਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਬਣਵਾਏ ਹਨ। ਸ੍ਰੀ ਸਿੱਧੂ ਨੇ ਲੋਕਾਂ ਦੇ ਬੈਠਣ ਲਈ ਬਣਾਏ ਬੈਂਚਾਂ ਦੀਆਂ ਕੀਮਤਾਂ ਉੱਤੇ ਵੀ ਕਿੰਤੂ ਕੀਤਾ। ਉਨ੍ਹਾਂ ਕਿਹਾ ਕਿ 1800-1800 ਵਾਲੇ ਬੈਂਚਾਂ ਦੀ ਕੀਮਤ 35-35 ਸੌ ਦਰਸਾਈ ਗਈ ਹੈ। ਉਨ੍ਹਾਂ ਓਪਨ ਜਿੰਮਾਂ ਸਬੰਧੀ ਵੀ ਅਜਿਹੇ ਦਾਅਵੇ ਕੀਤੇ ਅਤੇ ਇਨ੍ਹਾਂ ਵਸਤਾਂ ਦੇ ਮਿਆਰ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਅਕਾਲੀ ਸਾਂਸਦ ਉੱਤੇ ਘਪਲਿਆਂ ਦੇ ਦੋਸ਼ ਲਾਏ ਅਤੇ ਪਿੰਡ ਧੀਰਪੁਰ ਦੀ ਧਰਮਸ਼ਾਲਾ ਅਤੇ ਬਠਲਾਣਾ ਦੇ ਕਮਿਊਨਿਟੀ ਸੈਂਟਰ ਲਈ ਦਿੱਤੀਆਂ ਗਰਾਂਟਾਂ ਵਿੱਚ ਘਪਲੇਬਾਜ਼ੀ ਦੇ ਸ਼ੰਕੇ ਵੀ ਜ਼ਾਹਿਰ ਕੀਤੇ। ਇਸੇ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਸਿੱਧੂ ਵੱਲੋਂ ਲਾਏ ਦੋਸ਼ਾਂ ਨੂੰ ਕੂੜ ਪ੍ਰਚਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਂਗਰਸੀ ਸਾਂਸਦ ਨੇ ਅੱਜ ਤੱਕ ਲੋਕ ਵਰਤੋਂ ਵਾਲੀ ਕਿਸੇ ਵੀ ਵਸਤੂ ਲਈ ਦੁਆਨੀ ਨਹੀਂ ਖਰਚੀ ਤੇ ਉਨ੍ਹਾਂ ਵੱਲੋਂ ਲੋਕ ਹਿੱਤਾਂ ਲਈ ਵੰਡੀਆਂ ਗਈਆਂ ਵਸਤਾਂ ਸਬੰਧੀ ਕਾਂਗਰਸੀਆਂ ਕੋਲ ਪਿੰਡਾਂ ਦੇ ਵਸਨੀਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਾ ਹੋਣ ਕਾਰਨ ਦੁਰਪ੍ਰਚਾਰ ਦਾ ਸਹਾਰਾ ਲਿਆ ਜਾ ਰਿਹਾ ਹੈ। ਸ੍ਰੀ ਚੰਦੂਮਾਜਰਾ ਨੇ ਆਖਿਆ ਕਿ ਵਾਟਰ ਟੈਂਕਰ, ਬੈਂਚ, ਓਪਨ ਜਿੰਮਾਂ, ਖੇਡ ਕਿੱਟਾਂ ਆਦਿ ਦੀ ਸਮੁੱਚੀ ਖਰੀਦ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠਲੀ ਕਮੇਟੀ ਵੱਲੋਂ ਬਾਕਾਇਦਾ ਟੈਂਡਰਿੰਗ ਰਾਹੀਂ ਸਰਕਾਰੀ ਏਜੰਸੀਆਂ ਤੋਂ ਖਰੀਦ ਕਰਕੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਟੈਂਕਰ ਬਣਾਉਣ ਦੀ ਫੈਕਟਰੀ ਸਾਬਿਤ ਹੋ ਜਾਵੇ ਤਾਂ ਉਹ ਸਿਆਸਤ ਛੱਡ ਦੇਣਗੇ ਜਾਂ ਫ਼ਿਰ ਬਲਬੀਰ ਸਿੱਧੂ ਸਿਆਸਤ ਛੱਡ ਦੇਣ। ਉਨ੍ਹਾਂ ਕਿਹਾ ਕਿ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਉਨ੍ਹਾਂ 26 ਕਰੋੜ 10 ਲੱਖ ਦੇ ਫੰਡ ਵੰਡੇ ਹਨ।