ਨੌਜਵਾਨ ਸਹਿਣਸ਼ੀਲਤਾ ਤੇ ਸਮਾਜਿਕ ਕਦਰਾਂ-ਕੀਮਤਾਂ ਅਪਨਾਉਣ: ਨਾਇਡੂ

29

April

2019

ਚੰਡੀਗੜ੍ਹ, ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐਮ. ਵੈਂਕਈਆ ਨਾਇਡੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਣਸ਼ੀਲਤਾ ਅਤੇ ਸਤਿਕਾਰ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਅਪਨਾਉਣ। ਉਨ੍ਹਾਂ ਨੇ ਮਾਂ ਬੋਲੀ ’ਤੇ ਧਿਆਨ ਕੇਂਦਰਿਤ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਵਿਦਿਆਰਥੀ ਅੰਗਰੇਜ਼ੀ ਵੱਲ ਵਧੇਰੇ ਧਿਆਨ ਕੇਂਦਰਿਤ ਕਰਨ ਲੱਗ ਪਏ ਹਨ। ਉਹ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 68ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਇਸ ਦਾ ਸ਼ਾਨਦਾਰ ਪਿਛੋਕੜ ਹੈ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਅਧੀਨ ਹੋਈ ਰੈਕਿੰਗ ਵਿਚ 34ਵਾਂ ਸਥਾਨ ਹਾਸਲ ਹੋਣ ’ਤੇ ਵਧਾਈ ਵੀ ਦਿੱਤੀ। ਇਸ ਮੌਕੇ ਉਪ-ਰਾਸ਼ਟਰਪਤੀ ਨੇ ਇਸਰੋ ਦੇ ਚੇਅਰਮੈਨ ਅਤੇ ਸਪੇਸ ਵਿਭਾਗ ਬੰਗਲੌਰ ਦੇ ਸਕੱਤਰ ਡਾ. ਕੇ. ਸੀਵਨ ਨੂੰ ਵਿਗਿਆਨ ਰਤਨ ਐਵਾਰਡ ਪ੍ਰਦਾਨ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਗਿਆਨੀ, ਫਿਲਾਸਫ਼ਰ, ਲੇਖਕ, ਉਦਯੋਗਪਤੀ ਅਤੇ ਸਮਾਜ- ਸੇਵੀ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਨਿਭਾਅ ਰਹੀ ਹੈ। ਇਸ ਮੌਕੇ ਯੂਟੀ ਦੇ ਮੁੱਖ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ’ਚ ਡੀਨ ਪ੍ਰੋ. ਸ਼ੰਕਰਾਜੀ ਝਾਅ, ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਪਰਵਿੰਦਰ ਸਿੰਘ, ਵਿੱਤ ਅਤੇ ਵਿਕਾਸ ਅਫ਼ਸਰ ਵਿਕਰਮ ਨਈਅਰ ਵੀ ਹਾਜ਼ਰ ਸਨ। ਕਾਨਵੋਕੇਸ਼ਨ ਦੌਰਾਨ 863 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸੇ ਦੌਰਾਨ ਕਾਨਵੋਕੇਸ਼ਨ ਦੌਰਾਨ ਡਾ. ਸੁਧਾ ਐਨ. ਮੂਰਤੀ ਨੂੰ ਡੀ.ਲਿਟ. (ਸਾਹਿਤਕ) ਦੀ ਡਿਗਰੀ ਦਿੱਤੀ ਜਾਣੀ ਸੀ ਪਰ ਸੈਨੇਟ ਮੈਂਬਰ ਪ੍ਰੋ. ਚਮਨ ਲਾਲ ਨੇ ਉਸ ਨੂੰ ਡਿਗਰੀ ਦੇਣ ਦਾ ਵਿਰੋਧ ਕੀਤਾ ਸੀ। ਇਸ ਵਿਰੋਧ ਦੇ ਚਲਦਿਆਂ ਅੱਜ ਡਾ. ਸੁਧਾ ਮੂਰਤੀ ਕਨਵੋਕੇਸ਼ਨ ਵਿਚ ਸ਼ਾਮਲ ਹੀ ਨਹੀਂ ਹੋਈ।