ਚੰਡੀਗੜ੍ਹ ਵਿੱਚ ਸਿੱਖ ਘੱਟ ਗਿਣਤੀ ਕਮਿਸ਼ਨ ਬਣਾਉਣ ’ਤੇ ਜ਼ੋਰ

29

April

2019

ਚੰਡੀਗੜ੍ਹ, 29 ਅਪਰੈਲ ਚੰਡੀਗੜ੍ਹ ਦੀਆਂ ਵੱਖ-ਵੱਖ ਸਿੱਖ, ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਨੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਯੂਥ ਸਿੱਖ ਆਗੂ ਅਤੇ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਦੀ ਰਿਹਾਇਸ਼ ਸੈਕਟਰ-18 ਵਿੱਚ ਕਰਵਾਏ ਇਕੱਠ ਵਿੱਚ ਉਚੇਰੇ ਤੌਰ ’ਤੇ ਸੱਦਿਆ। ਇਸ ਮੌਕੇ ਪੰਜਾਬੀਆਂ ਅਤੇ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ। ਇਸ ਮੌਕੇ ਸ੍ਰੀ ਸਾਹਨੀ ਨੇ ਚੰਡੀਗੜ੍ਹ ਵਿੱਚਲੇ ਸਿੱਖਾਂ ਦੇ ਮਸਲਿਆਂ ਬਾਰੇ ਸ੍ਰੀ ਬਾਂਸਲ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਦਿੱਲੀ ਦੀ ਤਰਜ਼ ’ਤੇ ਸਿੱਖ ਘੱਟ ਗਿਣਤੀ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਜੋ ਸਿੱਖ ਮਸਲਿਆਂ ਨੂੰ ਇਸ ਕਮਿਸ਼ਨ ਰਾਹੀਂ ਹੱਲ ਕਰਵਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਅਕਸਰ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਅੱਖੋਂ ਪਰੋਖੇ ਕਰਦਾ ਆ ਰਿਹਾ ਹੈ। ਇਸ ਇਕੱਠ ਵਿਚ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਚੇਅਰਮੈਨ ਜੱਥੇਦਾਰ ਤਾਰਾ ਸਿੰਘ ਤੇ ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ, ਰਛਪਾਲ ਸਿੰਘ ਸੈਕਟਰ-7, ਪਰਮਜੀਤ ਸਿੰਘ ਸੈਕਟਰ-19, ਅਮਰਜੀਤ ਸਿੰਘ, ਸਾਬਕਾ ਕੌਸਲਰ ਮੇਜਰ ਸੰਧੂ, ਜਸਬੀਰ ਸਿੰਘ ਉਪਲ, ਅਜੀਤ ਸਿੰਘ ਸੈਣੀ, ਪ੍ਰੇਮ ਸਿੰਘ ਮਲੋਆ, ਗੁਰਮੇਲ ਸਿੰਘ ਸੈਣੀ, ਗੁਰਵਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਸਨ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਬਾਂਸਲ ਮੂਹਰੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਦਾ ਮੁੱਦਾ ਉਠਾਇਆ। ਉਨ੍ਹਾਂ ਸ੍ਰੀ ਬਾਂਸਲ ਕੋਲੋਂ ਪੰਜਾਬੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋ ਇਸ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਜਿਸ ਤਹਿਤ ਉਨ੍ਹਾਂ ਭੁੱਖ ਹੜਤਾਲਾਂ, ਰੋਸ ਧਰਨੇ ਆਦਿ ਮਾਰ ਕੇ ਚੰਡੀਗੜ੍ਹ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ ਜੱਦੋ-ਜਹਿਦ ਕੀਤੀ ਹੈ ਪਰ ਮੌਕੇ ਦੀ ਸਰਕਾਰ ਨੇ ਉਨ੍ਹਾਂ ਦੀ ਕਦੇ ਵੀ ਬਾਂਹ ਨਹੀਂ ਫੜੀ। ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਚੰਡੀਗੜ੍ਹ ਵਿੱਚ ਰਾਜਸੀ ਪਾਰਟੀਆਂ ਦੇ ਤਕਰੀਬਨ ਸਾਰੇ ਆਗੂ ਪੰਜਾਬ ਨਾਲ ਸਬੰਧਤ ਹਨ ਪਰ ਕਿਸੇ ਨੇ ਵੀ ਕਦੇ ਖੁੱਲ੍ਹ ਕੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਦੀ ਆਵਾਜ਼ ਨਹੀਂ ਉਠਾਈ। ਇਸ ਕਾਰਨ ਪੰਜਾਬੀ ਭਾਈਚਾਰੇ ਵਿਚ ਰੋਸ ਦੀ ਭਾਵਨਾ ਪੈਦਾ ਹੋ ਰਹੀ ਹੈ। ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸ਼ਹਿਰ ਵਿਚ ਸਿਗਰਟਨੋਸ਼ੀ ਸ਼ਰੇਆਮ ਚੱਲ ਰਹੀ ਹੈ। ਇਸੇ ਦੌਰਾਨ ਪਵਨ ਕੁਮਾਰ ਬਾਂਸਲ ਨੇ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਹ ਜਾਇਜ਼ ਮੰਗਾਂ ਨੂੰ ਨੇਪਰੇ ਚਾੜ੍ਹਨ ਲਈ ਪਹਿਲ ਦੇ ਆਧਾਰ ’ਤੇ ਯਤਨ ਕਰਨਗੇ। ਇਸ ਮੌਕੇ ਧਾਰਮਿਕ, ਸਿਆਸੀ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।