ਰਿਚਮੰਡ ਪੁਲੀਸ ਨੇ ਸਿੱਖ ਕਮਿਊਨਿਟੀ ਨੂੰ ਵਿਸਾਖੀ ਮੌਕੇ ਭੇਂਟ ਕੀਤਾ ਸੁੰਦਰ ਸੁਵੀਨੀਅਰ

29

April

2019

ਰਿਚਮੰਡ , 29 ਅਪ੍ਰੈਲ 2019 - ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,8600 #5 ਰੋਡ, ਰਿਚਮੰਡ ਵਿਖੇ ਵਿਸਾਖੀ ਮੌਕੇ ਸਿੱਖ ਕਮਿਊਨਿਟੀ ਦੇ ਸਤਿਕਾਰ ਵਜੋਂ ਰਿਚਮੰਡ ਪੁਲੀਸ ਵਲੋਂ ਇਕ ਬਹੁਤ ਹੀ ਸੁੰਦਰ ਸੁਵੀਨੀਅਰ (ਸਪੈਸ਼ਲ ਕੁਆਇਨ) ਤਿਆਰ ਕੀਤਾ ਗਿਆ। 28 ਅਪਰੈਲ (ਦਿਨ ਐਤਵਾਰ) ਨੂੰ ਇਹ ਸੂਵੀਨੀਅਰ ਰਿਚਮੰਡ ਪੁਲੀਸ ਦੇ ਮੁਖੀ ਵਿਲ ਐੰਗ ਨੇ ਇੰਸਪੈਕਟਰ ਸੰਨ੍ਹੀ ਪਰਮਾਰ ਅਤੇ ਸਾਰਜੈਂਟ ਜੈੱਟ ਸੁੰਨੜ ਦੇ ਨਾਲ ਗੁਰੂ ਘਰ ਦੇ ਚੇਅਰਮੈਨ ਆਸਾ ਸਿੰਘ ਜੌਹਲ , ਉਹਨਾਂ ਦੀ ਪਤਨੀ ਬੀਬੀ ਕਸ਼ਮੀਰ ਕੋਰ ਜੌਹਲ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਸਗਤਾਂ ਨਾਲ ਭਰੇ ਦਰਬਾਰ ਹਾਲ ਵਿਚ ਭੇਂਟ ਕੀਤਾ। ਇਸ ਲਈ ਗੁਰੂ ਘਰ ਦੇ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਪੁਲੀਸ ਮੁਖੀ ਵਿਲ ਐਂਗ ਅਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸੰਧੂ ਅਤੇ ਰੰਧਾਵਾ ਪ੍ਰਵਾਰ ਨੇ ਗੁਰੂ ਘਰ ਦੀ ਰੌਣਕ ਨੂੰ ਹੋਰ ਭੀ ਚਾਰ ਚੰਨ ਲਾ ਦਿੱਤੇ। ਉਹਨਾਂ ਆਪਣੀ ਬੱਚੀ ਜਨੀਨ ਕੋਰ ਸੰਧੂ ਅਤੇ ਬੇਟਾ ਜਸਵੀਰ ਸਿੰਘ ਰੰਧਾਵਾ ਦੇ ਸ਼ਾਦੀ ਦੇ ਕਾਰਜਾਂ ਦੀ ਸਫਲਤਾ ਅਤੇ ਵਾਹਿਗੁਰੂ ਦੀਆਂ ਦਾਤਾਂ ਦਾ ਸ਼ੁਕਰਾਨਾਂ ਕਰਨ ਅਤੇ ਪ੍ਰਵਾਰ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਕਾਮਨਾਂ ਕਰਦੇ ਹੋਏ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਕੀਤੀ ।ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗਿਆਨੀ ਤਰਲੋਚਨ ਸਿੰਘ ਹੁਰਾਂ ਦੇ ਜਥੇ ਵਲੋਂ ਮਧੁਰ ਕੀਰਤਨ ਅਤੇ ਗਿਆਨੀ ਅਮਰੀਕ ਸਿੰਘ ਦੀ ਕਥਾ ਦਾ ਅਨੰਦ ਮਾਣਿਆ।ਅਖੀਰ ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੜੀ ਵਿਚ ਸੰਗਤਾਂ ਨੇ ਗਿਆਨੀ ਅਵਤਾਰ ਸਿੰਘ ਸੱਧਰ ਹੁਰਾਂ ਦੇ ਗੁਰੂ ਜੀ ਦੇ ਫਲਸਫੇ ਅਤੇ ਜੀਵਨ ਵਾਰੇ ਬਹੁਤ ਹੀ ਪ੍ਰਭਾਵ ਸ਼ਾਲੀ ਵਿਚਾਰਾਂ ਦਾ ਅਨੰਦ ਮਾਣਿਆ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਇਸ ਖਾਸ ਮੌਕੇ ਉਪਰ ਪੁੱਜੀਆਂ ਸੰਗਤਾਂ, ਸੰਧੂ ਅਤੇ ਰੰਧਾਵਾ ਪਰਿਵਾਰਾਂ ਦਾ ਧੰਨਵਾਦ ਕੀਤਾ।