Arash Info Corporation

ਬਾਦਲਾਂ ਨੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕੀਤੀ: ਬਿੱਟੂ

24

April

2019

ਲੁਧਿਆਣਾ, 24 ਅਪਰੈਲ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਗਿੱਲ ਦੇ ਪਿੰਡ ਰੁੜਕਾ, ਪੋਹੀੜ, ਡੇਹਲੋਂ ਆਦਿ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਰੁੜਕੇ ਪਿੰਡ ਦੀ ਸਰਪੰਚ ਗੁਰਮੀਤ ਕੌਰ, ਪਤੀ ਮਹਾਂ ਸਿੰਘ ਤੇ ਪੰਚਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਸ੍ਰੀ ਬਿੱਟੂ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਉੱਥੇ ਮੋਦੀ ਨੇ ਪੈਟਰੋਲ, ਡੀਜ਼ਲ, ਗੈਸ ਆਦਿ ਰੇਟਾਂ ਵਿੱਚ ਤਾਂ ਵਾਧਾ ਕੀਤਾ ਹੀ ਬਲਕਿ ਕੇਂਦਰ ਤੋਂ ਕੋਈ ਮਦਦ ਨਾ ਮਿਲਣ ਕਾਰਨ ਦੇਸ਼ ਦੇ ਅੰਨਦਾਤੇ ਨੂੰ ਖੁਦਕੁਸ਼ੀਆਂ ਲਈ ਮਜਬੂਰ ਹੋਣਾ ਪਿਆ। ਜਦਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਬੇਹਤਰੀ ਲਈ ਵਚਨਬੱਧ ਹੈ ਤੇ ਕੇਂਦਰ ਵਿੱਚ ਸਰਕਾਰ ਬਣਨ ’ਤੇ ਕਿਸਾਨਾਂ ਦੀ ਸਹੂਲਤ ਲਈ ਕਈ ਯੋਜਨਾਵਾਂ ਲਿਆਂਦੀਆਂ ਜਾਣਗੀਆਂ। ਵਿਧਾਇਕ ਰਾਕੇਸ਼ ਪਾਂਡੇ ਨੇ ਬਿੱਟੂ ਲਈ ਚੋਣ ਪ੍ਰਚਾਰ ਕਰਦਿਆਂ ਹਲਕਾ ਉੱਤਰੀ ਦੇ ਵਾਰਡ ਨੰਬਰ 86 ਵਿਖੇ ਮੀਟਿੰਗ ਕੀਤੀ। ਆਪਣੇ ਸੰਬੋਧਨ ਦੌਰਾਨ ਬਿੱਟੂ ਨੇ ਬੈਂਸ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਬੈਂਸ ਅਗਰ ਇੰਨੇ ਹੀ ਜ਼ੁਬਾਨ ਦੇ ਪੱਕੇ ਹਨ ਤਾਂ ਉਹ ਲੁਧਿਆਣਾ ਸਮੇਤ ਸੁਖਬੀਰ ਖਿਲਾਫ਼ ਚੋਣ ਲੜ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਤੇ ਸਿਰਫ ਲਾਈਵ ਹੋਣ ਨਾਲ ਕੁੱਝ ਨਹੀਂ ਬਣਦਾ, ਸਗੋਂ ਹਲਕੇ ਦਾ ਵਿਕਾਸ ਵੀ ਕਰਵਾਉਣਾ ਪੈਂਦਾ ਹੈ। ਇਸ ਦੌਰਾਨ ਬਿੱਟੂ ਵੱਲੋਂ ਆਲ ਇੰਡੀਆ ਸਫਾਈ ਮਜ਼ਦੂਰ ਕਾਂਗਰਸ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਘੰਟਾ ਘਰ ਜ਼ੋਨ ਏ ਵਿਖੇ ਸਥਿਤ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ ਤੇ ਨਰੇਸ਼ ਧੀਂਗਾਨ ਦੀ ਅਗਵਾਈ ’ਚ ਰੱਖੇ ਸਮਾਗਮ ਵਿੱਚ ਹਿੱਸਾ ਲਿਆ।