ਕਣਕ ਦੀ ਖ਼ਰੀਦ ਨਾ ਹੋਣ ’ਤੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ

24

April

2019

ਖੰਨਾ, 24 ਅਪਰੈਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਤਿੰਨ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ’ਤੇ ਅੱਜ ਸ਼ਾਮ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਘੇਰਿਆ। ਇਸ ਤੋਂ ਬਾਅਦ ਰੋਹ ’ਚ ਆਏ ਆੜ੍ਹਤੀਆਂ ਤੇ ਕਿਸਾਨਾਂ ਨੇ ਮੰਡੀ ਦੇ ਬਾਹਰ ਜੀਟੀ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਮੁਜ਼ਾਹਰੇ ਦੌਰਾਨ ਜਿੱਥੇ ਜੀਟੀ ਰੋਡ ’ਤੇ ਦੋਵੇਂ ਪਾਸੇ ਆਵਾਜਾਈ ਠੱਪ ਕਰ ਦਿੱਤੀ ਗਈ, ਉੱਥੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ ’ਚ ਆਪਣੀ ਜਿਣਸ ਲੈ ਕੇ ਬੈਠੇ ਹਨ ਪ੍ਰੰਤੂ, ਕਿਸੇ ਵੀ ਖਰੀਦ ਏਜੰਸੀ ਵੱਲੋਂ ਜਿਣਸ ਦਾ ਭਾਅ ਨਹੀਂ ਲਾਇਆ ਗਿਆ। ਉਨ੍ਹਾਂ ਵਲੋਂ ਨਮੀ ਜ਼ਿਆਦਾ ਤੇ ਦਾਣਾ ਬਦਰੰਗ ਹੋਣ ਦੀ ਗੱਲ ਆਖ ਕੇ ਬੋਲੀ ਲਾਉਣ ਤੋਂ ਇਨਕਾਰ ਕੀਤਾ ਜਾ ਰਿਹਾ। ਜਦਕਿ ਇਸ ’ਚ ਕਿਸੇ ਵੀ ਕਿਸਾਨ ਦਾ ਕੋਈ ਦੋਸ਼ ਨਹੀਂ ਹੈ। ਇਸ ਮੁੱਦੇ ਨੂੰ ਲੈ ਕੇ ਉਹ ਮੰਗਲਵਾਰ ਸ਼ਾਮ ਨੂੰ ਮਾਰਕੀਟ ਕਮੇਟੀ ਸਕੱਤਰ ਕੋਲ ਗਏ ਸੀ ਤਾਂ ਉਨ੍ਹਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਤੋਂ ਗੁੱਸੇ ’ਚ ਆ ਕੇ ਕਿਸਾਨਾਂ ਨੇ ਆੜਤੀਆਂ ਨੂੰ ਨਾਲ ਲੈ ਕੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਇਸ ਮਗਰੋਂ ਜੀਟੀ ਰੋਡ ਜਾਮ ਕਰ ਦਿੱਤਾ ਗਿਆ। ਤਿੰਨ ਦਿਨਾਂ ਤੋਂ ਕਿਸਾਨਾਂ ਦੀ ਸਾਰ ਲੈਣ ਤਾਂ ਕੋਈ ਸਿਆਸੀ ਆਗੂ ਨਹੀਂ ਪੁੱਜਾ ਪਰ ਧਰਨੇ ਦੌਰਾਨ ਕਈ ਪਾਰਟੀਆਂ ਦੇ ਆਗੂਆਂ ਨੇ ਆਪਣੀ ਹਾਜ਼ਰੀ ਲਾ ਕੇ ਸਿਆਸੀ ਰੋਟੀਆਂ ਸੇਕਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਕਿਸਾਨਾਂ ਦਾ ਗੁੱਸਾ ਵਧਦਾ ਦੇਖ ਕੇ ਐੱਸਡੀਐੱਮ ਸੰਦੀਪ ਸਿੰਘ ਤੁਰੰਤ ਮੌਕੇ ’ਤੇ ਪੁੱਜੇ ਅਤੇ ਜਿਣਸ ਦੀ ਖਰੀਦ ਸ਼ੁਰੂ ਕਰਾ ਕੇ ਧਰਨਾ ਚੁਕਾਇਆ ਗਿਆ। ਏਐੱਫਐੱਸਓ ਮਨੀਸ਼ ਪਜਨੀ ਨੇ ਕਿਹਾ ਕਿ ਮਾਮਲਾ ਸ਼ਾਂਤ ਹੋ ਗਿਆ ਹੈ। ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਾਂਗਰਸੀ ਸਮਰਥਕ ਆੜ੍ਹਤੀਆਂ ਨੇ ਧਰਨੇ ਤੋਂ ਦੂਰੀ ਬਣਾਈ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਦਾਅਵਾ ਕਰਨ ਵਾਲੀ ਸੱਤਾਧਿਰ ਕਾਂਗਰਸ ਦੇ ਆੜਤੀ ਧਰਨੇ ਤੋਂ ਗਾਇਬ ਰਹੇ। ਚੋਣਾਂ ਦਾ ਸਮਾਂ ਹੋਣ ਕਰਕੇ ਉਨ੍ਹਾਂ ਨੇ ਇਸ ਕਰਕੇ ਦੂਰੀ ਬਣਾਈ ਰੱਖੀ ਕਿ ਕਿਤੇ ਇਸ ਨਾਲ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ। ਇਸ ਨੂੰ ਲੈ ਕੇ ਵੀ ਕਿਸਾਨਾਂ ’ਚ ਰੋਸ ਪਾਇਆ ਗਿਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕੇਂਦਰ ਦੀ ਖਰੀਦ ਏਜੰਸੀ ਐੱਫਸੀਆਈ ਵੱਲੋਂ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸੂਬੇ ਦੀਆਂ ਏਜੰਸੀਆਂ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀਆਂ ਹਨ। 30 ਹਜ਼ਾਰ ਬੋਰੀਆਂ ਦੀ ਨਹੀਂ ਹੋਈ ਖ਼ਰੀਦ ਖੰਨਾ ਮੰਡੀ ’ਚ ਕਰੀਬ 30 ਹਜ਼ਾਰ ਬੋਰੀਆਂ ਦੀ ਖ਼ਰੀਦ ਨਹੀਂ ਹੋਈ ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਹ ਪਾਇਆ ਗਿਆ। ਕਿਸਾਨਾਂ ਨੇ ਦੱਸਿਆ ਕਿ ਜੇਕਰ ਕਿਸਾਨ ਰੋਸ ਮੁਜ਼ਾਹਰਾ ਨਾ ਕਰਦੇ ਤਾਂ ਸ਼ਾਇਦ ਸਰਕਾਰ ਦੀਆਂ ਅੱਖਾਂ ਨਾ ਖੁੱਲ੍ਹਦੀਆਂ।