ਬਾਰਦਾਨੇ ਦੀ ਘਾਟ ਤੇ ਢਿੱਲੀ ਲਿਫ਼ਟਿੰਗ ਖ਼ਿਲਾਫ਼ ਚੱਕਾ ਜਾਮ

24

April

2019

ਬਨੂੜ, 24 ਅਪਰੈਲ ਇਲਾਕੇ ਦੀਆਂ ਮੰਡੀਆਂ ਵਿੱਚ ਆੜ੍ਹਤੀ ਅਤੇ ਕਿਸਾਨ ਬਾਰਦਾਨੇ ਦੀ ਘਾਟ ਅਤੇ ਲਿਫ਼ਟਿੰਗ ਦੀ ਢਿੱਲੀ ਰਫ਼ਤਾਰ ਨਾਲ ਜੂਝ ਰਹੇ ਹਨ। ਬਨੂੜ ਦੀ ਅਨਾਜ ਮੰਡੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦੇ ਵਿਰੋਧ ਵਿੱਚ ਅੱਜ ਮੰਡੀ ਦੇ ਆੜ੍ਹਤੀ ਦੀ ਅਗਵਾਈ ਹੇਠ ਕਿਸਾਨਾਂ ਨੇ ਮੁੱਖ ਮਾਰਗ ਉੱਤੇ ਗੁੱਗਾ ਮਾੜੀ ਚੌਕ ’ਤੇ ਇੱਕ ਘੰਟਾ ਆਵਾਜਾਈ ਠੱਪ ਕੀਤੀ। ਕਿਸਾਨਾਂ ਨੇ ਕਣਕ ਨਾਲ ਭਰੀਆਂ ਹੋਈਆਂ ਟਰਾਲੀਆਂ ਸੜਕ ਉੱਤੇ ਖੜ੍ਹੀਆਂ ਕਰਕੇ ਦੋਵੇਂ ਪਾਸੇ ਜਾਮ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਆੜ੍ਹਤੀ ਪਰਮਜੀਤ ਪਾਸੀ ਦੀ ਅਗਵਾਈ ਹੇਠ ਸਵੇਰੇ 10 ਵਜੇ ਜਾਮ ਲਾਇਆ। ਮੌਕੇ ਉੱਤੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾਈ ਆਗੂ ਪੁਨੀਤ ਜੈਨ ਵੀ ਪਹੁੰਚ ਗਏ। ਜਾਮ ਵਿੱਚ ਮੌਜੂਦ ਕਿਸਾਨਾਂ ਅਮਰੀਕ ਸਿੰਘ ਕੁਰੜੀ, ਅਵਤਾਰ ਸਿੰਘ ਬਨੂੜ, ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਮੰਡੀ ਵਿੱਚ ਬਾਰਦਾਨਾ ਨਾ ਹੋਣ ਕਾਰਨ ਉਨ੍ਹਾਂ ਦੀ ਪਿਛਲੇ ਤਿੰਨ ਦਿਨਾਂ ਤੋਂ ਵਿਕੀ ਹੋਈ ਕਣਕ ਦੀ ਭਰਾਈ ਨਹੀਂ ਹੋ ਸਕੀ ਤੇ ਉਹ ਸਾਰਾ ਕੰਮ ਛੱਡ ਕੇ ਮੰਡੀ ਵਿੱਚ ਬੈਠੇ ਹਨ। ਕੁੱਝ ਹੋਰ ਕਿਸਾਨਾਂ ਨੇ ਦੱਸਿਆ ਕਿ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਕਣਕ ਸੁੱਟਣ ਲਈ ਵੀ ਦਿੱਕਤ ਆ ਰਹੀ ਹੈ ਤੇ ਮੰਡੀ ਦੇ ਸੈੱਡ ਅਤੇ ਹੋਰ ਥਾਵਾਂ ਉੱਤੇ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਅੰਬਾਰ ਲਗੇ ਪਏ ਹਨ। ਇਸ ਮੌਕੇ ਆੜ੍ਹਤੀਆਂ ਨੇ ਅਧਿਕਾਰੀਆਂ ਉੱਤੇ ਆੜ੍ਹਤ ਦੀਆਂ ਦੁਕਾਨਾਂ ਦੀ ਮਰਜ਼ੀ ਨਾਲ ਅਦਲਾ-ਬਦਲੀ ਕਰਨ ਅਤੇ ਇੱਕ ਖਰੀਦ ਏਜੰਸੀ ਵੱਲੋਂ 22 ਅਪਰੈਲ ਨੂੰ ਕਣਕ ਦੀ ਖਰੀਦ ਬੰਦ ਕਰਨ ਦੇ ਵੀ ਦੋਸ਼ ਲਾਏ। ਜਾਮ ਦਾ ਪਤਾ ਲੱਗਦਿਆਂ ਹੀ ਬਨੂੜ ਦੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ, ਜ਼ਿਲ੍ਹਾ ਫੂਡ ਤੇ ਸਪਲਾਈ ਅਫ਼ਸਰ ਹੇਮਰਾਜ ਸ਼ਰਮਾ, ਮਾਰਕੀਟ ਕਮੇਟੀ ਦੇ ਸਕੱਤਰ ਉਪਿੰਦਰ ਸਿੰਘ ਕੋਠਾ ਗੁਰੂ, ਬਲਬੀਰ ਸਿੰਘ ਜੌਲਾ, ਏਐਫਐਸਓ ਹਰਦੀਪ ਸਿੰਘ, ਏਐਸਆਈ ਸੂਬਾ ਸਿੰਘ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਆੜ੍ਹਤੀਆਂ ਨੂੰ ਮੰਡੀ ਦੀਆਂ ਦੁਕਾਨਾਂ ਦੀ ਨਵੇਂ ਸਿਰਿਉਂ ਸਾਰਿਆਂ ਦੀ ਸਹਿਮਤੀ ਨਾਲ ਵੰਡ ਕਰਨ, ਬਾਰਦਾਨਾ ਤੁਰੰਤ ਮੁਹੱਈਆ ਕਰਾਉਣ ਅਤੇ ਲਿਫ਼ਟਿੰਗ ’ਚ ਤੇਜ਼ੀ ਲਿਆਉਣ ਦੇ ਭਰੋਸੇ ਮਗਰੋਂ ਜਾਮ ਖੁੱਲ੍ਹਵਾਇਆ। ਆੜ੍ਹਤੀਆਂ ਅਤੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਮੁੜ ਆਵਾਜਾਈ ਠੱਪ ਕਰਨਗੇ। 1.31 ਲੱਖ ਬੋਰੀਆਂ ਲਿਫਟਿੰਗ ਦੀ ਉਡੀਕ ਵਿਚ ਬਨੂੜ ਮੰਡੀ ਵਿੱਚ 1 ਲੱਖ, 52 ਹਜ਼ਾਰ, 69 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਤੇ 1,31,334 ਬੋਰੀਆਂ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਹਨ। ਡੀਐਫ਼ਐੱਸਓ ਹੇਮ ਰਾਮ ਸ਼ਰਮਾ ਅਤੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੇ ਦਾਅਵਾ ਕੀਤਾ ਕਿ ਛੇਤੀ ਹੀ ਸਭ ਕੁੱਝ ਆਮ ਵਾਂਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸਮੁੱਚੀ ਕਣਕ ਕੰਬਾਈਨਾਂ ਨਾਲ ਕਟਣ ਕਾਰਨ ਇਕੱਠੀ ਕਣਕ ਮੰਡੀ ਵਿੱਚ ਆਉਣ ਕਾਰਨ ਸਮੱਸਿਆ ਆਈ ਸੀ ਜਿਸ ਨੂੰ ਦੂਰ ਕਰ ਲਿਆ ਗਿਆ ਹੈ।