ਸੀਪੀਆਈ ਆਗੂ ਕਾਮਰੇਡ ਲਸ਼ਕਰ ਸਿੰਘ ਚੋਣ ਮੈਦਾਨ ਵਿਚ ਨਿੱਤਰਿਆ

24

April

2019

ਚੰਡੀਗੜ੍ਹ, 24 ਅਪਰੈਲ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦ-ਲੈਨਿਨਵਾਦ) ਰੈੱਡ ਸਟਾਰ ਦੇ ਉਮੀਦਵਾਰ ਕਾਮਰੇਡ ਲਸ਼ਕਰ ਸਿੰਘ (78) ਪੰਜਾਬੀਅਤ ਦਾ ਝੰਡਾ ਚੁੱਕ ਕੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਚੋਣ ਲੜਨਗੇ। ਲਕਸ਼ਰ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਅਤੇ ਜੇ ਉਹ ਇਥੋਂ ਜਿੱਤ ਗਏ ਤਾਂ ਚੰਡੀਗੜ੍ਹ ਦੀ ਮੌਜੂਦਾ ਸਰਕਾਰੀ ਭਾਸ਼ਾ ਅੰਗਰੇਜ਼ੀ ਦਾ ਭੋਗ ਪਾ ਕੇ ਸਰਕਾਰੀ ਭਾਸ਼ਾ ਪੰਜਾਬੀ ਨਿਰਧਾਰਤ ਕੀਤੀ ਜਾਵੇਗੀ। ਚੰਡੀਗੜ੍ਹ ਵਿਚ ਆਪਣੀ ਪਾਰਟੀ ਦਾ ਨਾ ਤਾਂ ਕੋਈ ਯੂਨਿਟ ਹੋਣ ਅਤੇ ਨਾ ਹੀ ਕੋਈ ਖਾਸ ਕੇਡਰ ਹੋਣ ਦੇ ਬਾਵਜੂਦ ਲਸ਼ਕਰ ਸਿੰਘ ਨੇ ਅੱਜ ਇਥੇ ਪ੍ਰੈਸ ਕਲੱਬ ਵਿਚ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ ਵਾਸੀਆਂ ਨੂੰ ਦੱਸਣਗੇ ਕਿ ਕਿਵੇਂ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਾ ਕਰਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਉਪਰ ਯੂਟੀ ਦੀ ਮੋਹਰ ਲਾ ਕੇ ਜਿਥੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਹੈ ਉਥੇ ਇਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਥੋਪ ਕੇ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਕੇਂਦਰ ਦੀ ਹਕੂਮਤ ਨੂੰ ਸਵਾਲ ਕੀਤਾ ਕਿ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਪੰਜਾਬੀਆਂ ਤੋਂ ਕਿਉਂ ਖੋਹਿਆ ਗਿਆ ਹੈ? ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਵਿਚ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਣ ਦੀ ਆਜ਼ਾਦੀ ਤਕ ਨਹੀਂ ਹੈ। ਜੇ ਚੰਡੀਗੜ੍ਹ ਵਾਸੀਆਂ ਨੇ ਉੁਨ੍ਹਾਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਿਆ ਤਾਂ ਉਹ ਇਥੋਂ ਨੌਕਰਸ਼ਾਹਾਂ ਦੀਆਂ ਮਨਮਾਨੀਆਂ ਨੂੰ ਨੱਥ ਪਾ ਦੇਣਗੇ। ਜਿੱਤਣ ਦੀ ਸੂਰਤ ਵਿਚ ਉਹ ਇਥੋਂ ਦੀ ਸਫਾਈ, ਜਲ ਸਪਲਾਈ, ਡੰਪਿੰਗ ਗਰਾਊਂਡ ਦੀ ਸਮੱਸਿਆ ਦਾ ਪੱਕਾ ਹੱਲ ਕੱਢਣਗੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੰਗਰੂਰ ਦੇ ਉਮੀਦਵਾਰ ਜੀਤ ਸਿੰਘ ਅਤੇ ਪਾਰਟੀ ਦੇ ਕ੍ਰਾਂਤੀਕਾਰੀ ਬਾਬਾ ਬੰਦਾ ਸਿੰਘ ਬਹਾਦਰ ਸਮਤਾ ਸੈਨਾ ਦਲ ਦੇ ਕਾਰਕੁੰਨ ਵੀ ਮੌਜੂਦ ਸਨ। ਲਸ਼ਕਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਖੋਹ ਲਿਆ ਗਿਆ ਹੈ ਜਿਸ ਲਈ ਕੇਂਦਰ ਸਰਕਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਬਰਾਬਰ ਦਾ ਕਸੂਰਵਾਰ ਹੈ। ਉਨ੍ਹਾਂ 1947 ਦੀ ਵੰਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਸ ਵੇਲੇ ਦੇ ਸਿਆਸਤਦਾਨਾਂ ਨੇ ਲੱਖਾਂ ਲੋਕਾਂ ਦਾ ਕਤਲੇਆਮ ਕਰਵਾਇਆ ਸੀ ਅਤੇ ਹੁਣ 15 ਅਗਸਤ ਨੂੰ ਆਜ਼ਾਦੀ ਦੇ ਜ਼ਸ਼ਨਾਂ ਵਜੋਂ ਮਨਾਇਆ ਜਾਂਦਾ ਹੈ, ਜੋ ਕਿ ਉਚਿਤ ਨਹੀਂ ਹੈ। ਉਨ੍ਹਾਂ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਝੂਠ ਦਾ ਪੁਲੰਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਕੂਮਤ ਬਰਕਾਰ ਰੱਖਣ ਲਈ ਕੋਈ ਵੀ ਚਾਲ ਚੱਲ ਸਕਦੇ ਹਨ।