Arash Info Corporation

ਭਾਜਪਾ ਲਈ ਖੇਰ ਬਣੀ ਆਸ ਦੀ ਕਿਰਨ

24

April

2019

ਚੰਡੀਗੜ੍ਹ, 23 ਅਪਰੈਲ ਭਾਜਪਾ ਹਾਈ ਕਮਾਂਡ ਨੇ ਕਿਰਨ ਖੇਰ ਨੂੰ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਮੁੜ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਦੀ ਕੌਮੀ ਚੋਣ ਕਮੇਟੀ ਵੱਲੋ ਕਿਰਨ ਖੇਰ ਨੂੰ ਟਿਕਟ ਦੇਣ ਦਾ ਐਲਾਨ ਕਰਦਿਆਂ ਹੀ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਟਿਕਟ ਦੇ ਦਾਅਵੇਦਾਰ ਸੰਜੇ ਟੰਡਨ ਦੇ ਖੇਮੇ ਵਿਚ ਨਿਰਾਸ਼ਾ ਫੈਲ ਗਈ। ਟਿਕਟ ਦੇ ਤੀਸਰੇ ਦਾਅਵੇਦਾਰ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਨੇ ਪਹਿਲਾਂ ਹੀ ਹਾਈ ਕਮਾਂਡ ਨੂੰ ਕਹਿ ਦਿੱਤਾ ਸੀ ਕਿ ਜੇ ਕਿਰਨ ਨੂੰ ਮੁੜ ਟਿਕਟ ਦਿੱਤੀ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਭਾਜਪਾ ਹਾਈ ਕਮਾਂਡ ਵੱਲੋਂ ਕਰਵਾਏ ਗੁਪਤ ਸਰਵੇਖਣ ਵਿੱਚ ਕਿਰਨ ਨੂੰ ਮੁੜ ਟਿਕਟ ਮਿਲਣ ਉਪਰ ਕਈ ਸਵਾਲ ਖੜ੍ਹੇ ਹੁੰਦੇ ਸਨ ਜਿਸ ਕਾਰਨ ਟੰਡਨ ਖੇਮਾ ਆਸਵੰਦ ਸੀ ਕਿ ਟਿਕਟ ਸੰਜੇ ਟੰਡਨ ਨੂੰ ਹੀ ਮਿਲੇਗੀ। ਹੁਣ ਚੰਡੀਗੜ੍ਹ ਵਿਚ ਨਾ ਤਾਂ ਸ੍ਰੀ ਮੋਦੀ ਦੀ ਲਹਿਰ ਹੈ ਅਤੇ ਨਾ ਹੀ ਕਿਰਨ ਖੇਰ ਦੀ ਪਹਿਲਾਂ ਵਾਲੀ ਖਿੱਚ ਰਹੀ ਹੈ। ਇਸ ਤੋਂ ਇਲਾਵਾ ਕਿਰਨ ਖੇਰ ’ਤੇ ਕਈ ਵਾਅਦੇ ਪੂਰੇ ਕਰਨ ਤੋਂ ਅਸਮਰਥ ਰਹੀ ਅਤੇ ਆਮ ਲੋਕਾਂ ਦੀ ਪਹੁੰਚ ਵਿਚ ਨਾ ਹੋਣ ਦੇ ਵੀ ਦੋਸ਼ ਲੱਗਦੇ ਰਹੇ। ਇਸ ਵਾਰ ਕਿਰਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਕਿਰਨ ਖੇਰ ਨੂੰ ਟਿਕਟ ਮਿਲਣ ਨਾਲ ਸ੍ਰੀ ਬਾਂਸਲ ਦੀ ਜਿੱਤ ਦਾ ਰਾਹ ਸੌਖਾ ਹੋ ਗਿਆ ਹੈ ਕਿਉਂਕਿ ਲੋਕ ਕਿਰਨ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ। ਟਿਕਟ ਮਿਲਣ ’ਤੇ ਕਿਰਨ ਖੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਅੱਜ ਸੰਜੇ ਟੰਡਨ, ਸੰਘ ਆਗੂ ਤ੍ਰਿਲੋਕੀ ਨਾਥ ਤੇ ਸਾਬਕਾ ਲੋਕ ਸਭਾ ਮੈਂਬਰ ਸਤਪਾਲ ਜੈਨ ਨਾਲ ਵੀ ਮੁਲਾਕਾਤ ਕੀਤੀ। ਸੰਜੇ ਟੰਡਨ ਸੰਜੇ ਟੰਡਨ ਨੇ ਦਿੱਤੀ ਵਧਾਈ ਸੰਜੇ ਟੰਡਨ ਨੇ ਕਿਰਨ ਖੇਰ ਨੂੰ ਟਿਕਟ ਮਿਲਣ ਦੀ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਲਏ ਇਸ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਅਤੇ ਕਿਰਨ ਨੂੰ ਜਿਤਾ ਕੇ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਕੋਈ ਕਸਰ ਨਹੀਂ ਛਡਣਗੇ। ਕਿਰਨ ਖੇਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ: ਬਾਂਸਲ ਪਵਨ ਬਾਂਸਲ ਨੇ ਕਿਹਾ ਕਿ ਕਿਰਨ ਖੇਰ ਨੇ ਨਾ ਤਾਂ ਕੋਈ ਵਾਅਦਾ ਪੂਰਾ ਕੀਤਾ ਹੈ ਅਤੇ ਨਾ ਹੀ ਕਿਸੇ ਦਾਅਵੇ ਉਪਰ ਖਰੀ ਉਤਰੀ ਹੈ। ਇਸ ਲਈ ਚੰਡੀਗੜ੍ਰ ਵਾਸੀ ਇਸ ਵਾਰ ਕਿਰਨ ਕੋਲੋਂ ਕੀਤੇ ਵਾਅਦਿਆਂ ਦਾ ਲੇਖਾ-ਜੋਖਾ ਮੰਗਣਗੇ। ਉਨ੍ਹਾਂ ਕਿਹਾ ਕਿ ਕਿਰਨ ਨੇ ਕਈ ਅਜਿਹੇ ਕੰਮਾਂ ਦੇ ਉਦਘਾਟਨ ਕੀਤੇ ਹਨ ਜਿਨ੍ਹਾਂ ਦੀ ਅਜੇ ਪ੍ਰਾਜੈਕਟ ਰਿਪੋਰਟ ਵੀ ਨਹੀਂ ਬਣੀ ਅਤੇ ਉਸ ਨੇ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕੀਤਾ ਹੈ।