ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ

19

April

2019

ਬਮਾਕੋ, 19 ਅਪ੍ਰੈਲ- ਪੱਛਮੀ ਅਫ਼ਰੀਕੀ ਦੇਸ਼ ਮਾਲੀ ਦੇ ਪ੍ਰਧਾਨ ਮੰਤਰੀ ਨੇ ਦੇਸ਼ 'ਚ ਵਧਦੀ ਹਿੰਸਾ ਨਾਲ ਨਜਿੱਠਣ ਅਤੇ ਬੀਤੇ ਮਹੀਨੇ ਹੋਏ ਕਤਲੇਆਮ ਨੂੰ ਲੈ ਕੇ ਹੋਈ ਆਲੋਚਨਾ ਤੋਂ ਬਾਅਦ ਲੰਘੇ ਦਿਨ ਆਪਣੀ ਪੂਰੀ ਸਰਕਾਰ ਸਣੇ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ ਇਬਰਾਹੀਮ ਬੂਬਕਰ ਕੀਟਾ ਦੇ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਹਿੰਸਾ ਵਧਣ ਕਾਰਨ ਪੈਦਾ ਹੋਏ ਵਿਆਪਕ ਪ੍ਰਦਰਸ਼ਨਾਂ ਦੇ ਦੋ ਹਫ਼ਤੇ ਬਾਅਦ ਪ੍ਰਧਾਨ ਮੰਤਰੀ ਸੌਮੇਅਲੋਯੂ ਬੋਬੇਯੇ ਮੈਗਾ ਨਾਲ ਉਨ੍ਹਾਂ ਦੇ ਮੰਤਰੀਆਂ ਦਾ ਅਸਤੀਫ਼ਾ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਨਵੇਂ ਪ੍ਰਧਾਨ ਮੰਤਰੀ ਨੂੰ ਜਲਦੀ ਹੀ ਨਿਯੁਕਤ ਕੀਤਾ ਜਾਵੇਗਾ ਅਤੇ ਸਾਰੇ ਸਿਆਸੀ ਦਲਾਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਲੀ ਕਈ ਸਾਲਾਂ ਤੋਂ ਅੱਤਵਾਦੀ ਗਤੀਵਿਧੀਆਂ ਕਾਰਨ ਪੈਦਾ ਹੋਏ ਫ਼ਿਰਕੂ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਬੀਤੇ ਮਾਰਚ ਮਹੀਨੇ ਫੁਲਾਨੀ ਚਰਵਾਹਾ ਭਾਈਚਾਰੇ ਵਿਰੁੱਧ ਹੋਏ ਕਤਲੇਆਮ 'ਚ ਲਗਭਗ 160 ਲੋਕ ਮਾਰੇ ਗਏ ਸਨ। ਇਸੇ ਕਾਰਨ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਮੁਖੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।