ਹਥਿਆਰਾਂ ਦੀ ਨੋਕ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਸਰਗਣਾ ਸਾਥੀ ਸਣੇ ਚੜਿਆ ਪੁਲਿਸ ਅੜਿੱਕੇ

16

April

2019

ਫਿਰੋਜ਼ਪੁਰ 16 ਅਪ੍ਰੈਲ -ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਸਰਗਣਾ ਤੇ ਉਸਦੇ ਸਾਥੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ/ਖੋਹੀ ਤੇ ਖੋਹ ਕਰਨ ਸਮੇਂ ਵਰਤੀਆਂ ਕਾਰਾਂ ਤੇ ਹੈਰੋਇਨ ਬਰਾਮਦ ਕੀਤੀ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁੱਖੀ ਸੰਦੀਪ ਗੋਇਲ ਨੇ ਦੱਸਿਆ ਕਿ ਐਸ ਪੀ (ਡੀ) ਬਲਜੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਆਰਿਫ ਕੇ ਮੁੱਖੀ ਪਰਮਜੀਤ ਸਿੰਘ ਵੱਲੋਂ ਇਲਾਕੇ ਵਿੱਚ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਗਰੋਹ ਦੇ ਸਰਗਣਾ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਰੁਕਣ ਸ਼ਾਹ ਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ 270 ਗ੍ਰਾਮ ਹੈਰੋਇਨ ਸਮੇਤ ਦੋ ਚੋਰੀ ਕੀਤੀਆਂ ਆਲਟੋ ਕਾਰਾਂ ਬਰਾਮਦ ਕੀਤੀਆਂ। ਇਸ ਸਬੰਧੀ ਥਾਣਾ ਆਰਿਫ ਕੇ ਵਿਖੇ ਐੱਨਡੀਪੀਐੱਸ ਐਕਟ 379, 411 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਇਕ ਕਾਰ ਆਈ-20 ਜੋ ਦੋਸ਼ੀਆਂ ਵੱਲੋਂ 15 ਨਵੰਬਰ 2018 ਨੂੰ ਹਥਿਆਰਾਂ ਦੀ ਨੋਕ 'ਤੇ ਪਿੰਡ ਲੋਹਗੜ੍ਹ ਕੋਲੋਂ ਖੋਹੀ ਗਈ ਸੀ, ਬਰਾਮਦ ਕੀਤੀ ਹੈ ਅਤੇ ਇਕ ਹੋਰ ਆਲਟੋ ਕਾਰ ਜੋ ਜ਼ੀਰਾ ਸ਼ਹਿਰ ਤੋਂ ਚੋਰੀ ਕੀਤੀ ਗਈ ਸੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲੋਹਗੜ੍ਹ ਥਾਣਾ ਕੁੱਲਗੜੀ ਕੋਲੋਂ ਖੋਹ ਕਰਨ ਸਮੇਂ ਦੋਸ਼ੀਆਂ ਵੱਲੋਂ ਜੋ ਵਰਨਾ ਕਾਰ ਨੰਬਰ ਪੀ.ਬੀ 04 ਏ 0055 ਵਰਤੀ ਗਈ ਸੀ, ਜਿਸ ਦੀ ਪੁਲਿਸ ਨੂੰ ਕਾਫੀ ਸਮੇਂ ਤੋਂ ਭਾਲ ਸੀ, ਦੋਸ਼ੀ ਜਗਜੀਤ ਸਿੰਘ ਉਰਫ ਜਗਨਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੱਲਾਂਵਾਲਾ ਰੋਡ ਪਿੰਡ ਸੋਢੇ ਵਾਲਾ ਪਾਸੋਂ ਬਰਾਮਦ ਕਰਕੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਗੁਰੀ ਹੋਰਾਂ ਵੱਲੋਂ 15 ਨਵੰਬਰ 2018 ਨੂੰ ਲੋਹਗੜ੍ਹ ਕੋਲੋਂ ਹਥਿਆਰਾਂ ਦੀ ਨੋਕ ਤੇ ਜੋ ਖੋਹ ਕੀਤੀ ਸੀ, ਇਸ ਵਾਰਦਾਤ ਸਮੇਂ ਵਰਤਿਆ ਗਿਆ 315 ਬੋਰ ਦੇਸੀ ਪਿਸਤੌਲ ਪਹਿਲਾਂ ਹੀ ਮੁਕੱਦਮਾ ਨੰਬਰ 237/18 ਅ/ਧ 307 ਅਸਲਾ ਐਕਟ ਥਾਣਾ ਸਿਟੀ ਫਿਰੋਜ਼ਪੁਰ ਵਿਚ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਉਰਫ ਗੁਰੀ ਪਾਸੋਂ ਬਰਾਮਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਗੁਰੀ ਖਿਲਾਫ ਪਹਿਲਾ ਵੀ ਲੁੱਟਾਂ ਖੋਹਾਂ ਅਤੇ ਸੰਗੀਨ ਜ਼ੁਰਮਾਂ ਦੇ ਜ਼ਿਲੇ ਦੇ ਵੱਖ ਵੱਖ ਥਾਣਿਆਂ ਵਿੱਚ ਚਾਰ ਮੁਕੱਦਮੇ ਦਰਜ ਹਨ ਜਦ ਕਿ ਗੁਰਵਿੰਦਰ ਸਿੰਘ ਗੁਰੀ ਦਾ ਪਿਤਾ ਲੱਖਾ ਸਿੰਘ ਵੀ ਅਪਰਾਧ ਜਗਤ ਵਿੱਚ ਸ਼ਾਮਲ ਹੈ ਤੇ ਦੂਹਰੇ ਕਤਲ ਕੇਸ ਵਿੱਚ ਸਜਾ ਕੱਟ ਰਿਹਾ ਹੈ। ਐਸ.ਐਸ.ਪੀ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ ਜਗਨਾ ਜੋ ਪਿੰਡ ਗੋਲੇਵਾਲਾ ਵਿਖੇ ਵਰਕਸ਼ਾਪ ਕਰਦਾ ਹੈ, ਚੋਰੀ ਕੀਤੀਆਂ ਕਾਰਾਂ ਤੇ ਹੋਰ ਵਾਹਨਾਂ ਦੀ ਦਿੱਖ ਬਦਲਣ ਤੇ ਉਲਟ ਪੁਲਟ ਕਰਨ ਵਿੱਚ ਮਾਹਿਰ ਦੱਸਿਆ ਜਾਂਦਾ ਹੈ,ਖਿਲਾਫ ਪਹਿਲਾਂ ਵੀ ਪੁਲਿਸ ਥਾਣਾ ਦਾਖਾ (ਲੁਧਿਆਣਾ) ਤੇ ਥਾਣਾ ਕੁੱਲਗੜੀ ਵਿਖੇ ਲੁੱਟਾਂ ਖੋਹਾਂ ਦੇ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।