ਪ੍ਰਿਅੰਕਾ ਦੇ ਵਾਰਾਨਸੀ ਤੋਂ ਚੋਣ ਲੜਨ 'ਤੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ : ਰਾਜੀਵ ਸ਼ੁਕਲਾ

08

April

2019

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਨੂੰ ਵਾਰਾਨਸੀ ਤੋਂ ਚੋਣ ਮੈਦਾਨ ਵਿਚ ਉਤਾਰਨ ਨੂੰ ਲੈ ਕੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਕਹਿਣਾ ਹੈ ਸੀਨੀਅਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਪ੍ਰਿਅੰਕਾ ਦੀ ਅਗਵਾਈ ਵਿਚ ਪਾਰਟੀ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਸੰਗਠਨ ਮਜ਼ਬੂਤ ਹੋਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ। ਪ੍ਰਿਅੰਕਾ ਵਾਰਾਨਸੀ ਤੋਂ ਚੋਣ ਲੜਨ ਦੀਆਂ ਅਟਕਲਾਂ 'ਤੇ ਸ਼ੁਕਲਾ ਨੇ ਕਿਹਾ ਕਿ ਹਾਲੇ ਕੁਝ ਤੈਅ ਨਹੀਂ ਹੈ। ਦਰਅਸਲ, ਕੁਝ ਹਫ਼ਤੇ ਪਹਿਲਾਂ ਚੋਣ ਪ੍ਰਚਾਰ ਦੌਰਾਨ ਜਦੋਂ ਇਕ ਵਿਅਕਤੀ ਨੇ ਪ੍ਰਿਅੰਕਾ ਤੋਂ ਚੋਣ ਲੜਨ ਬਾਰੇ ਪੁੱਛਿਆ ਤਾਂ ਪਲਟ ਕੇ ਉਨ੍ਹਾਂ ਸਵਾਲ ਕੀਤਾ ਸੀ ਕਿ ਕੀ ਮੈਂ ਵਾਰਾਨਸੀ ਤੋਂ ਲੜਾਂ। ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਇਹ ਅਟਕਲਾਂ ਸ਼ੁਰੂ ਹੋ ਗਈਆਂ ਕਿ ਕਾਂਗਰਸ ਜਨਰਲ ਸਕੱਤਰ ਪੀਐੱਮ ਮੋਦੀ ਖ਼ਿਲਾਫ਼ ਚੋਣ ਲੜ ਸਕਦੀ ਹੈ। ਇਸ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਫ਼ੈਸਲਾ ਖ਼ੁਦ ਪ੍ਰਿਅੰਕਾ ਨੇ ਕਰਨਾ ਹੈ। ਸ਼ੁਕਲਾ ਨੇ ਪ੍ਰਿਅੰਕਾ ਦੇ ਪ੍ਰਚਾਰ ਅਭਿਆਨ ਦੇ ਅਸਰ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਹ ਜਿੱਥੇ ਜਾ ਰਹੀ ਹੈ ਉਨ੍ਹਾਂ ਨੂੰ ਜਨਤਾ ਤੋਂ ਬਹੁਤ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ।