ਸੁਖਬੀਰ ਬਾਦਲ , ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੇਰ ਸਿੰਘ ਨੇ ਡੇਰਾ ਮੁਖੀਆਂ ਕੋਲ ਕੀਤੀ ਕ੍ਰਿਪਾ ਦ੍ਰਿਸ਼ਟੀ ਬਣਾਏ ਰੱਖਣ ਦੀ ਅਰਜ਼ੋਈ

08

April

2019

ਗੁਰੂਹਰਸਹਾੲੇ / ਫਿਰੋਜ਼ਪੁਰ 8 ਅਪਰੈਲ ਸਬੱਬ ਚਾਹੇ ਇੱਕ ਧਾਰਮਿਕ ਸਥਾਨ ਦੇ ਮੁੱਖੀ ਦੇ ਭੋਗ ਦਾ ਸੀ , ਪਰ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਜਿੱਥੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ ਉੱਥੇ ਇਸ ਸਮਾਗਮ ਵਿੱਚ ਮੌਜੂਦ ਵੱਖ - ਵੱਖ ਸੰਪਰਦਾਵਾਂ ਨਾਲ ਜੁੜੇ ਬਾਬਿਆਂ ਦੇ ਗੋਡੇ ਘੁੱਟ ਕੇ ਕਿਰਪਾ ਦ੍ਰਿਸ਼ਟੀ ਕਰਨ ਦੀ ਬੇਨਤੀ ਕੀਤੀ । ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਾਸਲ ਮੋਹਣ ਕੇ ( ਗੋਲੂ ਕਾ ਮੋੜ ) ਚੱਲ ਵੱਸੇ ਸੰਤਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ , ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ , ਸਾਬਕਾ ਐੱਮ ਪੀ ਸ਼ੇਰ ਸਿੰਘ ਘੁਬਾਇਆ , ਆਮ ਆਦਮੀ ਪਾਰਟੀ ਦੇ ਆਗੂ ਮਲਕੀਤ ਥਿੰਦ ਆਪਣੇ ਸਾਥੀਆਂ ਸਮੇਤ ਪੁੱਜੇ । ਉਹਨਾਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋਣ ਤੋਂ ਬਾਅਦ ਜਿੱਥੇ ਅਕਾਲ ਚਲਾਣਾ ਕਰ ਗਏ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ , ਉੱਥੇ ਨਾਲ ਹੀ ਸਮਾਗਮ ਵਿੱਚ ਮੌਜੂਦ ਵੱਖ - ਵੱਖ ਸੰਪਰਦਾਵਾਂ ਦੇ ਸੰਤਾਂ ਅਤੇ ਮਹੰਤਾਂ ਸਾਹਮਣੇ ਹੱਥ ਜੋੜ ਕੇ ਕਿਰਪਾ ਦ੍ਰਿਸ਼ਟੀ ਬਣਾਏ ਰੱਖਣ ਦੀ ਅਪੀਲ ਕੀਤੀ । ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸੰਤ ਬਾਬਾ ਹਰਮੇਸ਼ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਰਾਮ ਥੰਮਣ ਪਿੰਡ ਬਾਜੇ ਕੇ , ਸੰਤ ਬਾਬਾ ਹਰੀ ਸਿੰਘ ਜੀਰਾ , ਬਾਬਾ ਦਿਆਲ ਦਾਸ ਗੱਦੀ ਨਸ਼ੀਨ ਬਾਬਾ ਭੁੰਮਣ ਸ਼ਾਹ ਗੁਮਾਨੀ ਵਾਲਾ , ਭਗਤ ਸੋਮ ਜੀ ਰਾਮ ਕੁਟੀਆ ਵਾਲੇ ਬੈਠੇ ਸਨ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਹਲਕਾ ਇੰਚਾਰਜ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਸਮੇਤ ਉਹਨਾਂ ਕੋਲ ਪੁੱਜੇ । ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚਾਹੇ ਇਨ੍ਹਾਂ ਸੰਤਾਂ ਦਾ ਰਸਮੀ ਤੌਰ ਤੇ ਸਤਿਕਾਰ ਵਜੋਂ ਹੱਥ ਜੋੜ ਕੇ ਹਾਲ ਚਾਲ ਜਾਣਿਆ ਪਰ ਇਸ ਪ੍ਰਕਿਰਿਆ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਚੰਦ ਮਿੰਟਾਂ ਬਾਅਦ ਇਸੇ ਤਰ੍ਹਾਂ ਹੀ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਇਸ ਸਥਾਨ ਤੇ ਪੁੱਜੇ ਅਤੇ ਉਨ੍ਹਾਂ ਵੀ ਬਾਬਿਆਂ ਨੂੰ ਮੇਹਰ ਭਰੀ ਨਿਗਾਹ ਬਣਾਏ ਰੱਖਣ ਦੀ ਬੇਨਤੀ ਕੀਤੀ । ਡੇਰਾਵਾਦ ਦੀ ਜਿੱਥੇ ਇਹ ਸਿਆਸੀ ਪਾਰਟੀਆਂ ਸਮੇਂ - ਸਮੇਂ ਤੇ ਪ੍ਰਸੰਸਾ ਅਤੇ ਨਿੰਦਾ ਚੁਗਲੀ ਕਰ ਕੇ ਨਿਸ਼ਾਨਾ ਸਾਧਦੀਆਂ ਰਹਿੰਦੀਆਂ ਹਨ ਉੱਥੇ ਇਹ ਲੋਕ ਇਹਨਾਂ ਅਦਾਰਿਆਂ ਦੀ ਮੌਕੇ ਮੁਤਾਬਕ ਵਰਤੋਂ ਕਰਨ ਤੋਂ ਵੀ ਨਹੀਂ ਹਿਚਕਚਾਉੰਦੇ । ਇਸ ਸਬੰਧੀ ਇੱਕ ਬੁੱਧੀਜੀਵੀ ਦਾ ਕਹਿਣਾ ਹੈ ਕਿ ਸਦੀਆਂ ਤੋਂ ਰਾਜਨੀਤੀ ਵਿੱਚ ਧਰਮ ਦੀ ਵਰਤੋਂ ਹੁੰਦੀ ਆਈ ਹੈ ਅਤੇ ਹੁਣ ਵੀ ਉਹੀ ਵਰਤਾਰਾ ਜਾਰੀ ਹੈ ।