ਨਸ਼ੇ ਨੇ ਨਿਗਲ਼ਿਆ ਇੱਕ ਹੋਰ ਸਾਬਕਾ ਫ਼ੌਜੀ

05

April

2019

ਗੁਰਦਾਸਪੁਰ, 05 ਅਪ੍ਰੈਲ 2019 (ਪ.ਪ) : ਸੂਬੇ ਵਿੱਚੋਂ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸਰਕਾਰ ਭਾਵੇਂ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰਨ ਦੇ ਲੱਕ ਦਾਅਵੇ ਕਰਦੀ ਹੋਵੇ। ਪਰ ਜ਼ਮੀਨੀ ਹਾਲਾਤ ਹੱਲੇ ਵੀ ਉੱਨੇ ਹੀ ਬੁਰੇ ਹਨ ਜਿੰਨੇ ਕਿ ਪਿਛਲੀ ਸਰਕਾਰ ਵੇਲੇ ਸਨ। ਅਜੇ ਵੀ ਸੂਬੇ ਦੇ ਨੌਜਵਾਨ ਨਸ਼ੇ ਕਾਰਨ ਓਦਾਂ ਹੀ ਆਪਣੀਆਂ ਜਾਨਾਂ ਗਵਾ ਰਹੇ ਹਨ ਅਤੇ ਓਦਾਂ ਹੀ ਘਰ ਉੱਜੜ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਟਾਲਾ ਦੇ ਨਜ਼ਦੀਕੀ ਪਿੰਡ ਬਿਜਲੀ ਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਾਬਕਾ ਫ਼ੌਜੀ ਦੀ ਵੱਧ ਨਸ਼ਾ ਕਰਨ ਕਾਰਨ ਮੌਤ ਹੋ ਗਈ। ਗੁਰਪਿੰਦਰ ਸਿੰਘ ਦੇਸ਼ ਦੀ ਸੈਨਾ ਵਿੱਚ ਸੇਵਾ ਨਿਭਾ ਰਿਹਾ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਪਿੰਡ ਵਾਪਸ ਆ ਗਿਆ ਸੀ। ਇਸੇ ਦੌਰਾਨ ਹੀ ਉਸ ਨੂੰ ਡਰੱਗਜ਼ ਦੀ ਲੱਤ ਨੇ ਆਪਣੇ ਲਪੇਟੇ ਵਿੱਚ ਲੈ ਲਿਆ 'ਤੇ ਅਖੀਰ ਡਰੱਗਜ਼ ਦੀ ਓਵਰ ਡੋਜ਼ ਨਾਲ ਉਸ ਦੀ ਮੌਤ ਹੋ ਗਈ। ਫ਼ਿਲਹਾਲ ਮਿਰਤਕ ਦਾ ਪਰਿਵਾਰ ਭਾਰੀ ਸਦਮੇ ਵਿੱਚ ਹੈ। ਮਿਰਤਕ ਦੇ ਪੁਰਿਵਾਰਿਕ ਮੈਂਬਰ ਦਾਅਵਾ ਕਰ ਰਹੇ ਹਨ ਕਿ ਉਹ ਨਸ਼ੇ ਦੀ ਲਪੇਟ ਵਿੱਚ ਆ ਚੁੱਕਾ ਸੀ ਅਤੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਹੀ ਉਸ ਦੀ ਮੌਤ ਹੋਈ।