.......ਹੁਣ ਡਿਪਟੀ ਕਮਿਸ਼ਨਰ ਨੇ ਕੀਤਾ ਫਿਰੋਜ਼ਪੁਰ ਸਿਵਲ ਹਸਪਤਾਲ ਦਾ ਰੁਖ

05

April

2019

ਫਿਰੋਜ਼ਪੁਰ 5 ਅਪਰੈਲ (ਪ.ਪ) ਸ਼ਹਿਰ ਵਿੱਚ ਸਫਾਈ ਵਿਵਸਥਾ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੀ ਕੀਤੀ ਪਹਿਲ ਤੋੋਂ ਬਾਅਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਅੱਜ ਆਪਣਾ ਰੁਖ ਸਿਵਲ ਹਸਪਤਾਲ ਵੱਲ ਕਰਦਿਆਂ ਖੁਦ ਹਸਪਤਾਲ ਪਹੁੰਚ ਕਰੀਬ ਤਿੰਨ ਘੰਟੇ ਹਸਪਤਾਲ ਵਿੱਚ ਚੱਪੇ-ਚੱਪੇ ਦਾ ਦੌਰਾ ਕੀਤਾ ਅਤੇ ਹਸਪਤਾਲ ਅੰਦਰ ਬਦਹਾਲ ਸਫਾਈ ਵਿਵਸਥਾ, ਪੀਣ ਵਾਲੇ ਪਾਣੀ ਤੇ ਸੌਚਾਲਿਯ ਵਰਗੀਆਂ ਜ਼ਰੂਰੀ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਨਰਾਜ਼ਗੀ ਜਤਾਈ ਤੇ ਇਲਾਜ਼ ਕਰਵਾਉਣ ਆਏ ਲੋਕਾਂ ਤੋੋਂ ਫੀਡ ਬੈਕ ਲਿਆ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠ ਕੇ ਓ.ਪੀ.ਡੀ. ਵਾਲੀ ਇਮਾਰਤ ਨੂੰ ਸੁਧਾਰਨ ਦਾ ਬਲਿਯੂ ਪ੍ਰਿੰਟ ਤਿਆਰ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਜੱਚਾ-ਬੱਚਾ ਵਾਰਡ ਵਿੱਚ ਪਹਿਲੀ ਮੰਜਿਲ 'ਤੇ ਬਣੇ ਲੇਬਰ ਰੂਮ ਨੂੰ ਗਰਾਊਂਡ ਫਲੋਰ 'ਤੇ ਸਿਫਟ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਹੋਣ ਵਾਲੀ ਡਿਲਵਰੀਆਂ ਦੇ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਜ਼ਿਲ੍ਹੇ ਵਿੱਚ 42 ਪ੍ਰਤੀਸ਼ਤ ਇੰਸਟੀਟਿਊਸ਼ਨਲ ਡਿਲਵਰੀ (ਸਰਕਾਰੀ ਹਸਪਤਾਲਾਂ ਵਿੱਚ) ਹੋ ਰਹੀ ਹੈ ਜਦਕਿ ਬਾਕੀ ਲੋਕ ਪ੍ਰਾਈਵੇਟ ਹਸਪਤਾਲਾਂ ਅਤੇ ਦਾਈਆ ਦੇ ਪਾਸ ਜਾ ਰਹੇ ਹਨ, ਜਿਸ ਨੂੰ ਸੁਧਾਰਨ ਲਈ ਠੋਸ ਕਦਮ ਉਠਾਏ ਜਾਣ। ਜ਼ਿਲ੍ਹੇ ਦੇ ਪੰਜ ਕਮਿਊਨਿਟੀ ਹੈਲਥ ਸੈਂਟਰਸ (ਸੀ.ਐੱਚ.ਸੀ) ਵਿੱਚ ਇੱਕ ਗਾਇਨੀ ਨਾਲ ਸਬੰਧਿਤ ਡਾਕਟਰ ਅਤੇ ਨਰਸਾਂ ਨੂੰ ਤੈਨਾਤ ਕੀਤਾ ਜਾਵੇ। ਜਿੱਥੇ ਸਟਾਫ ਜ਼ਿਆਦਾ ਹੈ, ਉੱਥੇ ਇੱਥੇ ਸਿਫਟ ਕੀਤਾ ਜਾਵੇ। ਰੈੱਡ ਕਰਾਸ ਸੋਸਾਇਟੀ ਵੱਲੋਂ ਦਿੱਤੀ ਵੈਂਟੀਲੇਟਰ ਵਾਲੀ ਐਂਬੂਲੈਂਸ ਨਾ ਚਲਾਉਣ ਦਾ ਕਾਰਨ ਪੁੱਛਿਆ ਤਾਂ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਐਂਬੂਲੈਂਸ ਵਿੱਚ ਓ.ਟੀ.ਈ ਦੀ ਤੈਨਾਤੀ ਨਾ ਹੋਣ ਕਾਰਨ ਇਸ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਕਿਉਂਕਿ ਵੈਂਟੀਲੇਟਰ ਓ.ਟੀ.ਈ ਹੀ ਅਪਰੇਟ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹੀ ਰੈੱਡ ਕਰਾਸ ਸੋਸਾਇਟੀ ਵੱਲੋਂ ਇੱਕ ਓ.ਟੀ.ਈ ਨਿਯੁਕਤ ਕਰਕੇ ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਹਸਪਤਾਲ ਵਿੱਚ ਕੋਈ ਹੈਲਪ ਡੈਸਕ ਨਹੀਂ ਹੈ, ਜਦਕਿ ਮੈਨੇਜਮੈਂਟ ਵੱਲੋਂ ਲੋਕਾਂ ਤੋਂ ਇਲਾਜ ਲਈ ਫੀਸ ਵਸੂਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਓ.ਪੀ.ਡੀ. ਵਾਲੀ ਬਿਲਡਿੰਗ ਵਿੱਚ ਦਾਖਿਲ ਹੋਣ ਲਈ ਇੱਕ ਹੈਲਪ ਡੈਸਕ ਹੋਣਾ ਚਾਹੀਦਾ ਹੈ, ਜਿੱਥੇ ਲੋਕ ਹਸਪਤਾਲ ਵਿੱਚ ਮਿਲਣ ਵਾਲੀਆਂ ਸੇਵਾਵਾਂ ਅਤੇ ਅਲੱਗ-ਅਲੱਗ ਡਾਕਟਰ ਜਾਂ ਵਾਰਡ ਦੀ ਲੋਕੇਸ਼ਨ ਦੇ ਬਾਰੇ ਵਿੱਚ ਸਹਾਇਤਾ ਪ੍ਰਾਪਤ ਕਰ ਸਕਣ। ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਸਹੂਲਤ ਲਈ ਸਿਵਲ ਸਰਜਨ ਨੂੰ ਹਰੇਕ ਬਲਾਕ ਦੇ ਬਾਹਰ ਸਾਈਨ ਬੋਰਡ ਲਗਵਾਉਣ ਤੇ ਸਿਵਲ ਹਸਪਤਾਲ ਵਿੱਚ ਨਗਰ ਕੌਂਸਲ ਦੇ ਸਹਿਯੋਗ ਨਾਲ ਦੋ ਸੌਚਾਲਿਯ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਿਵਲ ਹਸਪਤਾਲ ਦੀ ਸਾਫ ਸਫਾਈ 'ਤੇ ਨਾਰਾਜ਼ਗੀ ਜਾਹਰ ਕਰਦੇ ਹੋਏ ਹਸਪਤਾਲ ਦੀ ਮੈਨੇਜਮੈਂਟ ਨੂੰ ਇਸ ਨੂੰ ਸੁਧਾਰਨ ਲਈ ਕਿਹਾ। ਉਨ੍ਹਾਂ ਨੇ ਸਿਵਲ ਸਰਜਨ ਨੂੰ ਕਿਹਾ ਕਿ ਬਿਲਡਿੰਗ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਇਸ ਨੂੰ ਜਲਦੀ ਸਾਫ ਕਰਵਾਇਆ ਜਾਵੇ। ਉਨ੍ਹਾਂ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਡੋਪ ਟੈਸਟ ਕਰਵਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਪਰੰਤ ਸਿਵਲ ਸਰਜਨ ਨਾਲ ਹੋਈ ਬੈਠਕ ਵਿੱਚ ਓ.ਪੀ.ਡੀ ਅਤੇ ਐਮਰਜੈਂਸੀ ਵਾਲੀ ਬਿਲਡਿੰਗ ਦੀ ਖਸਤਾ ਹਾਲਤ ਨੂੰ ਦੇਖ ਕੇ ਅਧਿਕਾਰੀਆਂ ਤੋਂ ਇਸ ਦੀ ਬਦਹਾਲੀ ਦਾ ਕਾਰਨ ਪੁੱਛਿਆ ਤੇ ਬਿਲਡਿੰਗ ਦੇ ਕਾਇਆ ਕਲਪ ਦਾ ਬਲਿਯੂ ਪ੍ਰਿੰਟ ਬਣਾ ਕੇ ਜਲਦ ਉਨ੍ਹਾਂ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਮੈਨੇਜਮੈਂਟ ਪਾਸ ਫੰਡਜ਼ ਦੀ ਕੋਈ ਕਮੀ ਨਹੀਂ ਹੈ ਅਤੇ ਇਹ ਪੈਸੇ ਬਿਲਡਿੰਗ ਦੀ ਕਾਇਆ ਕਲਪ ਤੇ ਖਰਚ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰਸ਼ ਦੀ ਹਾਲਤ ਸੁਧਾਰਨ ਲਈ ਪੂਰਾ ਪਲਾਨ ਬਣਾਉਣ ਲਈ ਸਿਵਲ ਸਰਜਨ ਨੂੰ ਕਿਹਾ। ਅਖੀਰ ਵਿੱਚ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਦਾ ਦੌਰਾ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਇੱਥੇ ਓਟਸ ਸੈਂਟਰ ਅਤੇ ਨਸ਼ਾ ਛੁਡਾਊ ਕੇਂਦਰ ਅਲੱਗ-ਅਲੱਗ ਚੱਲ ਰਹੇ ਹਨ। ਓਟਸ ਸੈਂਟਰ ਵਿੱਚ ਰੋਜ਼ਾਨਾ 380 ਦੇ ਕਰੀਬ ਮਰੀਜ ਆਪਣੀ ਦਵਾਈ ਦੀ ਡੋਜ ਲੈਣ ਆਉਂਦੇ ਹਨ ਜਦਕਿ ਨਸ਼ਾ ਛੁਡਾਊ ਕੇਂਦਰ ਵਿੱਚ 1200 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਸੈਂਟਰਾਂ ਵਿੱਚ ਇਲਾਜ ਕਰਵਾ ਰਹੇ ਕੁਝ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਨਸ਼ਾ ਛੱਡਣ ਲਈ ਉਨ੍ਹਾਂ ਦੀ ਮਜਬੂਤ ਇੱਛਾ ਸਕਤੀ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵਧੀਆ ਸੰਕੇਤ ਹੈ ਕਿ ਨਸ਼ੇ ਵਿੱਚ ਫਸੇ ਹੋਏ ਲੋਕ ਇਲਾਜ ਦੇ ਲਈ ਨਸ਼ਾ ਛੁਡਾਓ ਕੇਂਦਰਾਂ ਦਾ ਰੁਖ ਕਰ ਰਹੇ ਹਨ ਅਤੇ ਇੱਥੋ ਟਰੀਟਮੈਂਟ ਲੈ ਰਹੇ ਹਨ। ਉਨ੍ਹਾਂ ਨੇ ਹਿੰਸਾ ਪ੍ਰਭਾਵਿਤ ਮਹਿਲਾਵਾਂ ਦੇ ਲਈ ਚੱਲ ਰਹੇ ਵਨ ਸਟਾਪ ਸੈਂਟਰ ਦਾ ਵੀ ਜਾਇਜ਼ਾ ਲਿਆ ਅਤੇ ਮਹਿਲਾਵਾਂ ਨੂੰ ਮਿਲ ਰਹੀਆਂ ਸੇਵਾਵਾਂ ਨੂੰ ਲੈ ਕੇ ਸੈਂਟਰ ਦੀ ਪ੍ਰਸੰਸਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਰਤਨਦੀਪ ਸੰਧੂ, ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਅਗਰਵਾਲ, ਸਕੱਤਰ ਰੈੱਡ ਕਰਾਸ ਅਸੋਕ ਬਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।