ਮੁਹਾਲੀ ਵਿੱਚ ਪਾਰਕਾਂ ਦੀ ਹਾਲਤ ਮਾੜੀ

05

April

2019

ਐਸਏਐਸ ਨਗਰ (ਮੁਹਾਲੀ), 5 ਅਪਰੈਲ ਮੁਹਾਲੀ ਦੇ ਰਿਹਾਇਸ਼ੀ ਪਾਰਕਾਂ ਦੀ ਹਾਲਤ ਕਾਫੀ ਮਾੜੀ ਹੈ। ਪਾਰਕਾਂ ਵਿੱਚ ਰੁੱਖਾਂ ਦੇ ਸੁੱਕੇ ਪੱਤੇ ਤੇ ਹੋਰ ਕਿਸਮ ਦਾ ਕੂੜਾ ਕਰਕਟ ਅਤੇ ਗੰਦਗੀ ਖਿੱਲਰੀ ਪਈ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਇਸ ਸਬੰਧੀ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਬੰਧਤ ਸਟਾਫ਼ ਦੀ ਜਵਾਬ ਤਲਬੀ ਕਰਦਿਆਂ ਪਾਰਕਾਂ ਦੇ ਰੱਖ-ਰਖਾਓ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਇੱਥੋਂ ਦੇ ਸੈਕਟਰ-70 ਦੇ ਪਾਰਕ ਨੰਬਰ-16 ਦਾ ਕਾਫੀ ਬੁਰਾ ਹਾਲ ਹੈ। ਸ਼ਹਿਰ ਵਾਸੀ ਮਨੋਹਰ ਮੁੰਜਾਲ, ਰਾਜਨ ਮੁੰਜਾਲ, ਅੰਕਿਤ ਕੁਮਾਰ, ਅੰਸ਼ ਨੇ ਦੱਸਿਆ ਕਿ ਇਸ ਪਾਰਕ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ, ਪਾਰਕ ਵਿੱਚ ਹਰ ਪਾਸੇ ਸੁੱਕੇ ਪੱਤੇ ਅਤੇ ਹੋਰ ਕਿਸਮ ਦਾ ਕੂੜਾ ਅਤੇ ਗੰਦਗੀ ਫੈਲੀ ਹੋਈ ਹੈ। ਪਾਰਕ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਈ ਸਫ਼ਾਈ ਕਰਮਚਾਰੀ ਵੀ ਨਹੀਂ ਆ ਰਿਹਾ ਹੈ ਜਿਸ ਕਰਕੇ ਚਾਰ ਚੁਫੇਰੇ ਸੁੱਕੇ ਪੱਤਿਆਂ ਅਤੇ ਗੰਦਗੀ ਦੀ ਭਰਮਾਰ ਹੈ। ਸ਼ਹਿਰ ਵਾਸੀਆਂ ਨੇ ਪਾਰਕ ਵਿੱਚ ਲੋਕਾਂ ਦੇ ਬੈਠਣ ਲਈ ਲਗਾਏ ਗਏ ਬੈਂਚ ਵੀ ਟੁੱਟ ਚੁੱਕੇ ਹਨ। ਇਸ ਕਾਰਨ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਵਿਅਕਤੀਆਂ ਖਾਸ ਕਰਕੇ ਬਜ਼ੁਰਗਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਰਕ ਵਿੱਚ ਬੱਚਿਆਂ ਦੇ ਖੇਡਣ ਲਈ ਲੱਗੇ ਗਏ ਝੂਲੇ ਵੀ ਟੁੱਟ ਗਏ ਹਨ ਅਤੇ ਪਾਰਕ ਵਿੱਚ ਖੇਡਣ ਆਉਂਦੇ ਬੱਚਿਆਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਇਹੀ ਨਹੀਂ ਪਾਰਕ ਵਿੱਚ ਲੱਗੇ ਫੁਹਾਰੇ ਵੀ ਕਾਫੀ ਸਮੇਂ ਤੋਂ ਖਰਾਬ ਪਏ ਹਨ ਅਤੇ ਲੋਕਾਂ ਦੀ ਸਹੂਲਤ ਲਈ ਲਗਾਈ ਪੀਣ ਲਈ ਪਾਣੀ ਵਾਲੀ ਟੁੱਟੀ ਵੀ ਖਰਾਬ ਪਈ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਪਾਰਕ ਦੇ ਗੇਟਾਂ ਨੂੰ ਤੋੜ ਦਿੱਤਾ ਗਿਆ ਹੈ। ਜਿਸ ਕਾਰਨ ਲਾਵਾਰਿਸ ਪਸ਼ੂ ਪਾਰਕ ਅੰਦਰ ਆ ਕੇ ਗੰਦਗੀ ਫੈਲਾਉਂਦੇ ਹਨ ਅਤੇ ਖੋਰੂ ਪਾਉਂਦੇ ਰਹਿੰਦੇ ਹਨ। ਲੋਕਾਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਪਾਰਕ ਵਿੱਚ ਆਪਣੇ ਵਾਹਨ ਖੜ੍ਹੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਪਾਰਕ ਵਿੱਚ ਇੱਕ ਟਰਾਂਸਫਾਰਮਰ ਲੱਗਿਆ ਹੋਇਆ ਹੈ ਜਿਸ ਦੀਆਂ ਤਾਰਾਂ ਢਿੱਲੀਆਂ ਹੇਠਾਂ ਲਮਕ ਰਹੀਆਂ ਹਨ ਅਤੇ ਬਿਜਲੀ ਵਾਲੇ ਬਕਸੇ ਵੀ ਖੁੱਲ੍ਹੇ ਪਏ ਹਨ। ਉਨ੍ਹਾਂ ਦੱਸਿਆ ਕਿ ਨੇੜੇ ਹੀ ਛੋਟੇ ਪਾਰਕ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ।