ਨਿਗਮ ਨੇ ਪ੍ਰਾਪਰਟੀ ਟੈਕਸ ਤੋਂ 50.58 ਕਰੋੜ ਕਮਾਏ

05

April

2019

ਚੰਡੀਗੜ੍ਹ, 5 ਅਪਰੈਲ ਚੰਡੀਗੜ੍ਹ ਨਗਰ ਨਿਗਮ ਨੇ 31 ਮਾਰਚ ਨੂੰ ਸਮਾਪਤ ਹੋਏ ਵਿੱਤੀ ਵਰ੍ਹੇ 2018-19 ਵਿੱਚ ਰਿਹਾਇਸ਼ੀ ਅਤੇ ਵਪਾਰਕ ਅਦਾਰਿਆਂ ਤੋਂ ਪ੍ਰਾਪਰਟੀ ਟੈਕਸ ਰਾਹੀਂ 50 ਕਰੋੜ 58 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਰਕਮ ਨਿਗਮ ਵਲੋਂ 50 ਕਰੋੜ ਰੁਪਏ ਦੇ ਮਿੱਥੇ ਗਏ ਟੀਚੇ ਨਾਲੋਂ 58 ਲੱਖ ਰੁਪਏ ਵੱਧ ਹੈ। ਸ਼ਹਿਰ ਵਿੱਚ 40138 ਰਿਹਾਇਸ਼ੀ ਅਤੇ 17027 ਵਪਾਰਕ ਇਕਾਈਆਂ ਹਨ, ਜਿਨ੍ਹਾਂ ’ਤੇ ਪ੍ਰਾਪਰਟੀ ਟੈਕਸ ਲਾਗੂ ਹੁੰਦਾ ਹੈ। ਨਿਗਮ ਵਲੋਂ ਇਕੱਤਰ ਇਸ ਪ੍ਰਾਪਰਟੀ ਟੈਕਸ ਵਿੱਚ ਡਿਫਾਲਟਰਾਂ ’ਤੇ ਲਗਾਏ 25 ਫ਼ੀਸਦੀ ਜੁਰਮਾਨੇ ਸਮੇਤ 12 ਫ਼ੀਸਦੀ ਵਿਆਜ ਦੀ ਰਕਮ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਵਿੱਤੀ ਮੰਦੀ ਦੀ ਮਾਰ ਸਹਿ ਰਹੀ ਨਗਰ ਨਿਗਮ ਦੇ ਆਰਥਿਕ ਪੱਧਰ ਨੂੰ ਸੁਧਾਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅਹੁਦਾ ਸੰਭਾਲਦੇ ਹੀ ਨਿਗਮ ਪ੍ਰਸ਼ਾਸਨ ਨੂੰ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਖ਼ਿਲਾਫ਼ ਸਖਤੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਜਿਸ ਨੂੰ ਲੈਕੇ ਨਿਗਮ ਦੀ ਟੈਕਸ ਬ੍ਰਾਂਚ ਨੇ ਡਿਫਾਲਟਰ ਲੋਕਾਂ ਨੂੰ ਨੋਟਿਸ ਭੇਜ ਕੇ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਸੀ। ਨਿਗਮ ਨੇ ਵਿੱਤੀ ਵਰ੍ਹੇ 2019-20 ਲਈ ਵੀ ਪ੍ਰਾਪਰਟੀ ਟੈਕਸ ਭਰਨ ਲਈ ਸ਼ਹਿਰ ਵਾਸੀਆਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਉਲੀਕੀ ਹੈ। ਰਿਹਾਇਸ਼ੀ ਅਤੇ ਵਪਾਰਕ ਅਦਾਰਿਆਂ ਨੂੰ 31 ਮਈ ਤੱਕ ਦੋ ਮਹੀਨਿਆਂ ਦੌਰਾਨ ਟੈਕਸ ਭਰਨ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਅਨੁਸਾਰ ਰਿਹਾਇਸ਼ੀ ਖੇਤਰ ਲਈ 20 ਫੀਸਦ ਅਤੇ ਵਪਾਰਕ ਅਦਾਰਿਆਂ ਲਈ 10 ਫ਼ੀਸਦੀ ਛੋਟ ਦਿੱਤੀ ਜਾਵੇਗੀ। ਇਸ ਮਿਆਦ ਦੌਰਾਨ ਪ੍ਰਾਪਰਟੀ ਟੈਕਸ ਨਾ ਤਾਰਨ ਵਾਲਿਆਂ ਨੂੰ ਪਹਿਲੀ ਜੂਨ ਤੋਂ ਪ੍ਰਾਪਰਟੀ ਟੈਕਸ ’ਤੇ 25 ਫ਼ੀਸਦੀ ਜੁਰਮਾਨੇ ਦੇ ਨਾਲ-ਨਾਲ 12 ਫ਼ੀਸਦੀ ਵਿਆਜ ਵੀ ਵਸੂਲਿਆ ਜਾਵੇਗਾ। ਨਿਗਮ ਅਧਿਕਾਰੀਆਂ ਅਨੁਸਾਰ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਜਿਸ ਵਿੱਚ ਪ੍ਰਾਪਰਟੀ ਕੁਰਕ ਵੀ ਕੀਤੀ ਜਾ ਸਕਦੀ ਹੈ। ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਨੂੰ ਗੰਭੀਰਤਾ ਨਾਲ ਲੈ ਕੇ ਸਮੇਂ ਸਿਰ ਪੈਸੇ ਭਰਨ ਦੀ ਅਪੀਲ ਕੀਤੀ ਹੈ। ਇਹ ਟੈਕਸ ਆਨਲਾਈਨ ਜਾਂ ਸ਼ਹਿਰ ਦੇ ਸੰਪਰਕ ਕੇਂਦਰਾਂ ਵਿੱਚ ਭਰਿਆ ਜਾ ਸਕਦਾ ਹੈ।