ਇਤਿਹਾਸਕ ਵਿਰਾਸਤ ਦੀ ਬਰਬਾਦੀ ਵਿੱਚ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਹਿੱਸੇਦਾਰ

04

April

2019

ਮਾਨਸਾ 4 ਅਪ੍ਰੈਲ (ਤਰਸੇਮ ਸਿੰਘ ਫਰੰਡ ) ਦਰਬਾਰ ਸਾਹਿਬ ਤਰਨਤਾਰਨ ਦੀ ਡਿਊਢੀ ਨੂੰ ਕਾਰ ਸੇਵਾ ਦੀ ਆੜ ਵਿੱਚ ਤੋੜਨ ਦੀ ਕੋਸ਼ਿਸ਼ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਉÎੱਤੇ ਹਮਲਾ ਕਰਾਰ ਦਿੰਦਿਆਂ ਸੀਪੀਆਈ (ਐਮ.ਐਲ.) ਲਿਬਰੇਸ਼ਨ ਨੇ ਕਿਹਾ ਕਿ ਇਸ ਗੁਨਾਹ ਵਿੱਚ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਦੇ ਨਾਲ ਐਸਜੀਪੀਸੀ ਬਰਾਬਰ ਦੀ ਭਾਈਵਾਲ ਹੈ। ਪਾਰਟੀ ਨੇ ਇਸ ਮੁੱਦੇ ਨੂੰ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਗਮਾਂ ਮੌਕੇ ਵੀ ਉਠਾਉਣ ਦਾ ਐਲਾਨ ਕੀਤਾ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਤੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵੱਲੋਂ ਇੱਥੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਸਿੱਖ ਧਰਮ ਦੀ ਵਿਰਾਸਤ ਨੂੰ ਖਤਮ ਕਰਨ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਵੰਨ ਸੁਵੰਨੇ ਬਾਬਿਆਂ ਦੀ ਮਿਲੀਭੁਗਤ ਨਾਲ ਅਨੇਕਾਂ ਗੁਰਦੁਆਰਿਆਂ ਦੀਆਂ ਪੁਰਾਤਨ ਅਤੇ ਇਤਿਹਾਸਕ ਇਮਾਰਤਾਂ ਨੂੰ ਮਿੱਟੀ 'ਚ ਮਿਲਾ ਕੇ ਸੰਗਮਰਮਰੀ ਮਹੱਲਾਂ ਵਿੱਚ ਬਦਲਿਆ ਜਾ ਚੁੱਕਾ ਹੈ। ਸਿੱਖ ਪੰਥ ਦੀ ਨਿਵੇਕਲੀ ਇਮਾਰਤ ਕਲਾ ਅਤੇ ਦਿੱਖ ਦੀ ਇਸ ਗਿਣੀ ਮਿਥੀ ਤਬਾਹੀ ਵਿੱਚ ਕਿਤੇ ਨਾ ਕਿਤੇ ਆਰ.ਐਸ.ਐਸ. ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖਾਂ ਨੂੰ ਵੱਖਰਾ ਧਰਮ ਪ੍ਰਵਾਨ ਕਰਨ ਦੀ ਬਜਾਏ ਕੇਸਧਾਰੀ ਹਿੰਦੂ ਕਹਿਣ ਵਾਲੀ ਆਰ.ਐਸ.ਐਸ. ਸਿੱਖਾਂ ਦੀ ਵੱਖਰੀ ਦਿੱਖ ਅਤੇ ਪਛਾਣ ਨੂੰ ਖੋਰਨ ਲਈ ਅੰਦਰ ਖਾਤੇ ਅਨੇਕਾਂ ਢੰਗਾਂ ਨਾਲ ਸਰਗਰਮ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦਰਸ਼ਨੀ ਡਿਊਢੀ ਨੂੰ ਬਚਾਉਣ ਦੇ ਅੰਦੋਲਨ ਨੂੰ ਡੱਟਵੀਂ ਹਮਾਇਤ ਦੇਵੇਗੀ। ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਸਿੱਖੀ ਦੀ ਵਿਰਾਸਤ ਦੀ ਸੰਭਾਲ ਅਤੇ ਸੁਰੱਖਿਆ ਲਈ ਪੁਰਾਤਨ ਮਾਹਿਰਾਂ ਸਮੇਤ ਵੱਖ ਵੱਖ ਖੇਤਰਾਂ ਦੇ ਮਾਹਿਰ ਸਿੱਖ ਬੁੱਧੀਜੀਵੀਆਂ ਦੀ ਇੱਕ ਸਥਾਈ ਕਮੇਟੀ ਕਾਇਮ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਾਰ ਸੇਵਾ ਵਾਲੇ ਸਵਾਰਥੀ ਮੋਹਰੀਆਂ ਤੋਂ ਹਾਲੇ ਤੱਕ ਬਚੀਆਂ ਹੋਈਆਂ ਇਤਿਹਾਸਕ ਇਮਾਰਤਾਂ, ਸਮੱਗਰੀ, ਪੁਰਾਤਨ ਬੀੜਾਂ ਅਤੇ ਹੋਰ ਦਸਤਾਵੇਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।