ਸਟਰੀਟ ਵੈਂਡਰਜ਼ ਨੂੰ ਖਾਣੇ ਦੀ ਸ਼ੁੱਧਤਾ ਬਾਰੇ ਕੀਤਾ ਜਾਵੇਗਾ ਜਾਗਰੂਕ

04

April

2019

ਚੰਡੀਗੜ੍ਹ, 4 ਅਪਰੈਲ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਅਤੇ ਐੱਸਪੀਐਚ ਵਿਭਾਗ ਅਤੇ ਨਗਰ ਨਿਗਮ ਚੰਡੀਗੜ੍ਹ ਨੇ ਸਾਂਝਾ ਉੱਦਮ ਕਰਦਿਆਂ ਇਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਮਕਸਦ ਗਲੀਆਂ ਵਿਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ ਸ਼ੁੱਧ ਖਾਣਾ ਵੇਚਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਸਬੰਧੀ ਅੱਜ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ‘ਸਟਰੀਟ ਫੂਡ ਵੈਂਡਰਜ਼ ਹਾਈਜੀਨ ਕਿੱਟ’ ਦਾ ਉਦਘਾਟਨ ਵੀ ਕੀਤਾ। ਸ੍ਰੀ ਯਾਦਵ ਨੇ ਕਿਹਾ ਕਿ ਵਿਭਾਗ ਦਾ ਮੰਨਣਾ ਹੈ ਕਿ ਸਟਰੀਟ ਵੈਂਡਰਜ਼ ਵੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਸ ਪ੍ਰੋਜੈਕਟ ਤਹਿਤ ਇਕ ਸਾਲ ਦੌਰਾਨ ਚੰਡੀਗੜ੍ਹ ਵਿਚ 20 ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਇਨ੍ਹਾਂ ਵਰਕਸ਼ਾਪਾਂ ਰਾਹੀਂ ਚੰਡੀਗੜ੍ਹ ਦੇ ਸਟਰੀਟ ਵੈਂਡਰਜ਼ ਨੂੰ ਫੂਡ ਸੇਫ਼ਟੀ ਐਕਟ, ਸਟਰੀਟ ਵੈਂਡਰਸ ਐਕਟ 2014, ਸਵੱਛ ਭਾਰਤ ਮਿਸ਼ਨ, ਚਾਈਲਡ ਲੇਬਰ ਐਕਟ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਵਰਕਸ਼ਾਪਾਂ ਵਿਚੋਂ ਅੱਜ ਪਹਿਲੀ ਵਰਕਸ਼ਾਪ ਸਿਟੀ ਲਾਈਵਲੀਹੁੱਡ ਸੈਂਟਰ, ਸੈਕਟਰ-25 ਵਿਚ ਲਗਾਈ ਗਈ। ਇਸ ਮੌਕੇ ਫੂਡ ਸੇਫ਼ਟੀ ਨਾਲ ਸਬੰਧਤ ਵਿਸ਼ੇ ਉਤੇ ਪੀਜੀਆਈ ਦੇ ਐਨਆਈਐਨਈ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਦਮਨਪ੍ਰੀਤ ਕੌਰ ਦੀ ਦੇਖਰੇਖ ਵਿਚ ਨਾਟਕ ਵੀ ਖੇਡਿਆ ਗਿਆ। ਇਸ ਮੌਕੇ ਪੀਜੀਆਈ ਤੋਂ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਡਾ. ਅਮਰਜੀਤ ਸਿੰਘ, ਨਗਰ ਕੌਂਸਲ ਦੇ ਐਡੀਸ਼ਨਲ ਕਮਿਸ਼ਨਰ ਸੌਰਭ ਮਿਸ਼ਰਾ, ਡਾ. ਸੋਨੂੰ ਗੋਇਲ ਨੇ ਵੀ ਵਿਚਾਰ ਪੇਸ਼ ਕੀਤੇ।