ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਜਬਰ-ਜਨਾਹ

04

April

2019

ਐਸਏਐਸ ਨਗਰ (ਮੁਹਾਲੀ), 4 ਅਪਰੈਲ ਭਗਤਾ ਭਾਈਕਾ ਦੇ ਵਸਨੀਕ ਵੱਲੋਂ ਮੋਗਾ ਵਾਸੀ ਜਾਣਕਾਰ ਮਹਿਲਾ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 10 ਮਹੀਨੇ ਤੱਕ ਮੁਹਾਲੀ ਵਿੱਚ ਪੀਜੀ ਵਜੋਂ ਰੱਖ ਕੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਮੁਹਾਲੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਮਹਿਲਾ ਇਸ ਵੇਲੇ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਜ਼ੇਰੇ ਇਲਾਜ ਹੈ। ਪੀੜਤ ਮਹਿਲਾ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਦੋ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਮਹਿਲਾ ਅਨੁਸਾਰ 11 ਮਹੀਨੇ ਪਹਿਲਾਂ ਗੁਰਮੀਤ ਸਿੰਘ ਬਬਲਾ ਵਾਸੀ ਰਾਮੁੂਵਾਲਾ ਥਾਣਾ ਭਗਤਾ ਭਾਈਕਾ (ਜੋ ਉਸ ਨੂੰ ਚਾਰ ਸਾਲਾਂ ਤੋਂ ਜਾਣਦਾ ਸੀ) ਦਾ ਉਸ ਨੂੰ ਫੋਨ ਆਇਆ ਅਤੇ ਮਿਲਣ ਲਈ ਕਿਹਾ। ਪੀੜਤ ਔਰਤ ਅਨੁਸਾਰ ਗੁਰਮੀਤ ਸਿੰਘ ਵੱਲੋਂ ਵਾਰ-ਵਾਰ ਫੋਨ ਕਰਨ ’ਤੇ ਉਹ ਉਸ ਨੂੰ ਮਿਲਣ ਆਪਣੇ ਪਤੀ ਨਾਲ ਮੋਗਾ ਆ ਗਈ। ਉਸ ਦਾ ਪਤੀ ਦਵਾਈ ਲੈਣ ਲਈ ਬਾਜ਼ਾਰ ਚਲਾ ਗਿਆ ਅਤੇ ਉਹ ਮੋਗਾ ਨੇੜੇ ਪੁਲ ਕੋਲ ਖੜ੍ਹੀ ਹੋ ਗਈ। ਮਹਿਲਾ ਅਨੁਸਾਰ ਇਸ ਦੌਰਾਨ ਗੁਰਮੀਤ ਉੱਥੇ ਆਇਆ ਅਤੇ ਉਸ ਨੂੰ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਆਪਣੇ ਨਾਲ ਮੁਹਾਲੀ ਲੈ ਆਇਆ। ਮਹਿਲਾ ਅਨੁਸਾਰ ਗੁਰਮੀਤ ਨੇ ਮੁਹਾਲੀ ਵਿੱਚ ਕਮਰਾ ਕਿਰਾਏ ’ਤੇ ਲੈ ਕੇ ਉਸ ਨੂੰ ਉੱਥੇ ਰੱਖ ਲਿਆ ਜਿੱਥੇ ਉਹ ਕਰੀਬ 6 ਮਹੀਨੇ ਰਹੀ। ਉੱਥੇ ਗੁਰਮੀਤ ਸਿੰਘ ਬਬਲਾ ਉਸ ਨੂੰ ਅਮਰੀਕਾ ਲਿਜਾਣ ਦਾ ਲਾਲਚ ਦਿੰਦਾ ਰਿਹਾ ਅਤੇ ਨਸ਼ੇ ਦੇ ਟੀਕੇ ਲਗਾ ਕੇ ਉਸ ਨਾਲ ਜਬਰਦਸਤੀ ਕਰਦਾ ਰਿਹਾ। ਮਹਿਲਾ ਅਨੁਸਾਰ ਇੱਕ ਦਿਨ ਬਬਲਾ ਉਸ ਨੂੰ ਦੱਸੇ ਬਿਨਾਂ ਵਿਦੇਸ਼ ਚਲਾ ਗਿਆ ਅਤੇ ਬਬਲੇ ਦਾ ਦੋਸਤ ਬੱਬੂ ਉਸ ਦੀ ਮਦਦ ਕਰਨ ਲੱਗਿਆ। ਬਾਅਦ ਵਿੱਚ ਉਨ੍ਹਾਂ ਦੋਵਾਂ ਨੇ ਉਸ ਨੂੰ ਮਲੇਸ਼ੀਆ ਭੇਜ ਦਿੱਤਾ ਅਤੇ ਉਥੇ ਬਬਲਾ ਉਸ ਨਾਲ ਫੋਨ ’ਤੇ ਗੱਲਬਾਤ ਕਰਦਾ ਰਿਹਾ। ਪੀੜਤ ਮਹਿਲਾ ਅਨੁਸਾਰ ਉਹ 5 ਮਹੀਨੇ ਮਲੇਸ਼ੀਆ ਵਿੱਚ ਰਹੀ ਅਤੇ ਫਿਰ ਬਬਲੇ ਨੇ ਉਸ ਨੂੰ ਭਾਰਤ ਬੁਲਾਇਆ ਅਤੇ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈ ਕੇ 10 ਦਿਨ ਕਦੇ ਮੁਹਾਲੀ, ਕਦੇ ਚੰਡੀਗੜ੍ਹ ਅਤੇ ਪਿੰਡ ਕੁੰਭੜਾ ਰੱਖਿਆ ਗਿਆ। ਇਸ ਦੌਰਾਨ ਉਹ ਉਸ ਨਾਲ ਜ਼ਬਰ-ਜਨਾਹ ਕਰਦਾ ਰਿਹਾ ਉਸ ਦੀ ਕੁੱਟਮਾਰ ਵੀ ਕੀਤੀ ਗਈ। ਪੀੜਤ ਮਹਿਲਾ ਅਨੁਸਾਰ ਉਹ ਬੀਤੀ 21 ਮਾਰਚ ਨੂੰ ਮੁਹਾਲੀ ਅੱਡੇ ਤੋਂ ਬੱਸ ਲੈ ਕੇ ਆਪਣੇ ਪੇਕੇ ਘਰ ਬੁਰਜ ਲੱਧਾ ਸਿੰਘ ਵਾਲਾ ਚਲੀ ਗਈ, ਜਿਥੇ ਉਸ ਦੀ ਸਰੀਰਕ ਹਾਲਤ ਵੇਖ ਕੇ ਉਸ ਦੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸ਼ਿਕਾਇਤ ਮੁਹਾਲੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਗੁਰਮੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।