ਖੇਮਕਰਨ 'ਚ ਫ਼ੌਜ ਨੇ ਖਦੇੜਿਆ ਪਾਕਿਸਤਾਨੀ ਡਰੋਨ

04

April

2019

ਖੇਮਕਰਨ : ਪਹਿਲੀ ਅਪ੍ਰੈਲ ਦੀ ਸਵੇਰੇ 3:30 ਵਜੇ ਪਾਕਿਸਤਾਨ ਵੱਲੋਂ ਐੱਫ-16 ਜਹਾਜ਼ ਭਾਰਤੀ ਇਲਾਕੇ 'ਚ ਭੇਜੇ ਗਏ ਸਨ ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਨੇ ਖਦੇੜ ਦਿੱਤਾ ਸੀ। ਇਸ ਦੇ ਬਾਵਜੂਦ ਪਾਕਿਸਤਾਨ ਨੇ ਮੁੜ ਨਾਪਾਕ ਹਰਕਤ ਕਰਦਿਆਂ ਬੁੱਧਵਾਰ ਰਾਤ ਕਰੀਬ 10:15 ਵਜੇ ਖੇਮਕਰਨ ਸਰਹੱਦ ਤੋਂ ਡਰੋਨ ਭੇਜਿਆ ਜਿਸ ਨੂੰ ਭਾਰਤੀ ਖੇਤਰ 'ਚ ਰਡਾਰ ਨੇ ਫੜ ਲਿਆ। ਇਸ ਪਿੱਛੋਂ ਚੌਕਸੀ ਵਧਾ ਦਿੱਤੀ ਗਈ। ਸਰਹੱਦ 'ਤੇ ਤਾਇਨਾਤ ਫ਼ੌਜ ਨੇ ਡਰੋਨ ਨੂੰ ਖਦੇੜਦਿਆਂ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਤਿੰਨ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਇਸ ਤੋਂ ਬਾਅਦ ਖੇਮਕਰਨ ਸੈਕਟਰ ਵਿਚ ਬਲੈਕਆਊਟ ਕਰ ਦਿੱਤੀ ਗਈ। ਖੇਮਕਰਨ ਸੈਕਟਰ ਦੇ ਰੱਤੋਕੇ ਪਿੰਡ 'ਚ ਕਰੀਬ ਸਵਾ ਦਸ ਵਜੇ ਫ਼ੌਜ ਵੱਲੋਂ ਲਾਏ ਗਏ ਰਡਾਰ ਜ਼ਰੀਏ ਪਾਕਿਸਤਾਨ ਵੱਲੋਂ ਭੇਜਿਆ ਗਿਆ ਡਰੋਨ ਵੇਖਿਆ ਗਿਆ। ਚੌਕਸੀ ਵਧਾਉਂਦਿਆਂ ਹੀ ਇਕ ਤੋਂ ਬਾਅਦ ਇਕ ਤਿੰਨ ਧਮਾਕੇ ਹੋਏ। ਇਸ ਤੋਂ ਬਾਅਦ ਡਰੋਨ ਪਾਕਿਸਤਾਨੀ ਖੇਤਰ ਵਿਚ ਵਾਪਸ ਪਰਤ ਗਿਆ। ਡਰੋਨ ਪਾਕਿਸਤਾਨੀ ਖੇਤਰ 'ਚ ਸੁਰੱਖਿਅਤ ਮੁੜਿਆ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਘਟਨਾ ਨੂੰ ਲੈ ਕੇ ਪਿੰਡ ਮੈਦੀਪੁਰ, ਮਸਤਗੜ੍ਹ, ਰਾਜੋਕੇ, ਖੇਮਕਰਨ, ਗਜਲ, ਤੂਤ ਭੰਗਾਲਾ ਆਦਿ ਖੇਤਰ 'ਚ ਕਰੀਬ ਡੇਢ ਘੰਟੇ ਤਕ ਬਲੈਕਆਊਟ ਰਹੀ। ਪਿੰਡ ਰੱਤੋਕੇ ਦੇ ਸਰਪੰਚ ਕੁਲਬੀਰ ਸਿੰਘ, ਮਾਛੀਕੇ ਦੇ ਨਿਵਾਸੀ ਪ੍ਰਤਾਪ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਬਿਜਲੀ ਬੰਦ ਹੋ ਗਈ। ਸਾਢੇ 11 ਵਜੇ ਤਕ ਪੰਜਾਬ ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਨੂੰ ਪਿੰਡ ਮੈਦੀਪੁਰ ਦੀ ਡਿਫੈਂਸ ਰੇਂਜ ਕੋਲ ਹੀ ਬੀਐੱਸਐੱਫ ਵੱਲੋਂ ਰੋਕ ਲਿਆ ਗਿਆ। ਖੇਮਕਰਨ ਸੈਕਟਰ 'ਚ ਤਾਇਨਾਤ ਫ਼ੌਜ ਦੀ 77 ਬਟਾਲੀਅਨ ਵੱਲੋਂ ਇਲਾਕੇ 'ਚ ਚੌਕਸੀ ਵਧਾਈ ਗਈ ਸੀ ਜਿਸ ਕਾਰਨ ਡਰੋਨ ਨੂੰ ਖਦੇੜ ਦਿੱਤਾ ਗਿਆ। ਮੌਕੇ 'ਤੇ ਭਿੱਖੀਵਿੰਡ ਦੇ ਡੀਐੱਸਪੀ ਏਐੱਸ ਮਾਨ, ਖੇਮਕਰਨ ਦੇ ਥਾਣਾ ਇੰਚਾਰਜ ਪਰਮਜੀਤ ਕੁਮਾਰ ਵੀ ਪੁੱਜੇ ਪਰ ਉਨ੍ਹਾਂ ਨੂੰ ਡਿਫੈਂਸ ਰੇਂਜ ਤੋਂ ਅੱਗੇ ਨਾ ਜਾਣ ਦਿੱਤਾ ਗਿਆ।