ਕੀ ਸ਼ਾਹੀ ਖਾਨਦਾਨ ਦਾ ਪਟਿਆਲਾ 'ਤੇ ਰਾਜ ਕਰਨ ਦਾ ਕੋਈ ਵਿਸ਼ੇਸ਼ ਜਾਂ ਜਨਮ ਸਿੱਧ ਅਧਿਕਾਰ ਹੈ?- ਡਾ. ਧਰਮਵੀਰ ਗਾਂਧੀ

04

April

2019

ਪਟਿਆਲਾ, 04 ਅਪ੍ਰੈਲ 2019: ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੇ ਕਿ ਆਜ਼ਾਦ ਭਾਰਤ ਦੇ ਸੰਵਿਧਾਨ ਲਾਗੂ ਹੋਣ ਦੇ 69 ਸਾਲਾਂ ਦੇ ਪਾਰਲੀਮਾਨੀ ਇਤਿਹਾਸ ਵਿੱਚੋਂ ਪੰਜ ਵਾਰ ਅਤੇ 23 ਸਾਲ ਸ਼ਾਹੀ ਪਰਿਵਾਰ ਨੇ ਪਟਿਆਲਾ ਹਲਕੇ ਦੀ ਨੁਮਾਇੰਦਗੀ ਕੀਤੀ ਹੈ। ਕੀ ਵਜ੍ਹਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਸ਼ਾਹੀ ਪਰਿਵਾਰ ਦਾ ਪਾਣੀ ਭਰਦੀ ਆ ਰਹੀ ਹੈ? ਜਦਕਿ ਆਮ ਲੋਕਾਂ ਨੇ ਸੱਤ ਦਹਾਕੇ ਪਹਿਲਾਂ ਬਰਤਾਨਵੀ ਗ਼ੁਲਾਮੀ ਦਾ ਜੂਲਾ ਗਲੋਂ ਲਾਹ ਮਾਰਿਆ ਸੀ ਅਤੇ ਆਪਣੇ ਵਾਸਤੇ ਇੱਕ ਸੰਵਿਧਾਨ ਹਾਸਲ ਕਰ ਲਿਆ ਸੀ। ਡਾ. ਗਾਂਧੀ ਨੇ ਅਚੰਬਾ ਜ਼ਾਹਿਰ ਕਰਦਿਆਂ ਪੁਛਿਆ "ਕੀ ਸ਼ਾਹੀ ਖਾਨਦਾਨ ਦਾ ਪਟਿਆਲੇ ਉਪਰ ਕੋਈ ਵਿਸ਼ੇਸ਼ ਅਧਿਕਾਰ ਹੈ ਜਾਂ ਰਾਜ ਕਰਨ ਦਾ ਕੋਈ ਜਨਮ ਸਿੱਧ ਅਧਿਕਾਰ"? ਉਨ੍ਹਾਂ ਮੰਗ ਕੀਤੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਟਿਕਟ ਦੇ ਚੁੱਕੇ ਹਨ ਅਤੇ ਹੁਣ ਰਾਹੁਲ ਗਾਂਧੀ ਇਸ ਸਵਾਲ ਦਾ ਜੁਆਬ ਜ਼ਰੂਰ ਦੇਣ ਅਤੇ ਦੇਸ਼ ਨੂੰ ਜ਼ਰੂਰ ਦੱਸਣ ਕਿ ਕੀ ਉਹ ਮਹਾਤਮਾ ਗਾਂਧੀ ਦੇ ਉਸ ਕਥਨ ਨਾਲ ਸਹਿਮਤ ਹਨ "ਫੈਸਲਾ ਕਰਨ ਤੋਂ ਪਹਿਲਾਂ ਆਮ ਆਦਮੀ ਦੇ ਚਿਹਰੇ ਨੂੰ ਚਿਤਾਰੋ ਅਤੇ ਗ਼ੌਰ ਕਰੋ ਕੀ ਤੁਹਾਡਾ ਫੈਸਲਾ ਉਸ ਆਮ ਆਦਮੀ ਨੂੰ ਫਾਇਦਾ ਪਹੁੰਚਾਏਗਾ?" ਉਹਨਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਅੰਦਰ ਫੈਲੇ ਪੁਲਸ ਰਾਜ, ਭ੍ਰਿਸ਼ਟਾਚਾਰ, ਆਰਥਿਕ ਸਰਗਰਮੀ ਦੇ ਹਰ ਖੇਤਰ ਵਿੱਚ ਫੈਲੇ ਮਾਫੀਆ ਰਾਜ ਅਤੇ ਹਾਲ ਵਿੱਚ ਹੀ ਕਤਲ ਹੋਈ ਡਰੱਗ ਅਫਸਰ ਨੇਹਾ ਦਾ ਚੇਹਰਾ ਦੱਸਣ ਕਿ ਮੇਰਾ ਫੈਸਲਾ ਕਿਸਨੂੰ ਫਾਇਦਾ ਪਹੁੰਚਾਏਗਾ। ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਕੋਲੋ ਬੁਲੇਟ ਪਰੂਫ ਗੱਡੀ ਦੀ ਪ੍ਰਵਾਨਗੀ ਲੈਣ 'ਤੇ ਵਿਅੰਗ ਕੱਸਦਿਆਂ ਡਾ.ਗਾਂਧੀ ਨੇ ਕਿਹਾ ਕਿ ਜਿਹੜੇ ਲੀਡਰ ਨੂੰ ਆਪਣੇ ਆਪ ਨੂੰ ਅਸੁਰੱਖਿਅਤ ਕਰਾਰ ਦੇ ਕੇ ਬੁਲੇਟ ਪਰੂਫ ਗੱਡੀ ਦੀ ਮੰਗ ਕਰਨਾ ਇਹ ਵੀ ਸਾਬਤ ਕਰਦਾ ਹੈ ਕਿ ਜਿਸ ਸੂਬੇ ਵਿੱਚ ਮੁੱਖ ਮੰਤਰੀ ਦੀ ਪਤਨੀ ਹੀ ਖੁੱਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਉੱਥੇ ਆਮ ਔਰਤਾਂ ਅਤੇ ਲੜਕੀਆਂ ਖੁਦ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਮਤਾ ਪਾਉਣ ਅਤੇ ਆਪਣੀ ਵੋਟ ਦਾ ਇਸ ਤਰ੍ਹਾਂ ਇਸਤੇਮਾਲ ਕਰਨ ਕਿ ਸ਼ਾਹੀ ਪਰਿਵਾਰ ਦੇ ਜੂਲੇ ਨੂੰ ਦੂਜੀ ਵਾਰ ਵਗਾਹ ਮਾਰਨ ਅਤੇ ਕਪਤਾਨ ਅਮਰਿੰਦਰ ਸਿੰਘ ਦੇ ਕੁਸ਼ਾਸ਼ਨ ਖਿਲਾਫ ਆਪਣਾ ਫਤਵਾ ਦੇਣ ਤਾਂ ਜੋ ਰਜਵਾੜਾਸ਼ਾਹੀ ਸੋਚ ਨੂੰ ਖਤਮ ਕੀਤਾ ਜਾ ਸਕੇ।