ਸਾਬਕਾ ਕੈਦੀ ਲੜੇਗਾ ਸੰਗਰੂਰ ਤੋਂ ਐਮ.ਪੀ. ਚੋਣ

02

April

2019

ਧੂਰੀ, 2 ਅਪਰੈਲ (ਰਾਜੇਸ਼ਵਰ ਪਿੰਟੂ) 2005 ਵਿੱਚ 22 ਸਾਲ ਦੀ ਉਮਰ ਵਿੱਚ ਕਤਲ ਕੇਸ 'ਚ ਜੇਲ 'ਚ ਸਾਢੇ 7 ਸਾਲ ਦੀ ਕੈਦ ਕੱਟਣ ਵਾਲੇ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਦਿਆਂ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਕੈਦੀ ਤੋਂ ਸਿਆਸਤ ਦੀਆਂ ਪੌੜੀਆਂ ਚੜਦਿਆਂ ਭਾਵੇਂ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਵੀ ਛੋਟੀ ਵੱਡੀ ਚੋਣ ਨਹੀਂ ਲੜੀ, ਪਰ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪ੍ਰਧਾਨ ਬਲਜੀਤ ਸਿੰਘ ਔਲਖ ਨੇ ਆਪਣੀ ਪਾਰਟੀ ਦੇ ਸੂਬਾਈ ਆਗੂ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਅੱਜ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮ ਸਿੰਘ ਧਾਲੀਵਾਲ ਰਾਜੋਮਾਜਰਾ ਨੇ ਦੱਸਿਆ ਕਿ ਕਤਲ ਕੇਸ 'ਚ 7 ਸਾਲ ਜੇਲ 'ਚ ਰਹਿਣ ਤੋਂ ਬਾਅਦ ਜਿੱਥੇ ਅਦਾਲਤਾਂ ਨੇ ਨਿਰਦੋਸ਼ ਸਾਬਿਤ ਕੀਤਾ, ਉਥੇ ਹੀ ਉਨ੍ਹਾਂ ਨੇ ਜੇਲ 'ਚ ਰਹਿੰਦਿਆਂ ਆਪਣੀ ਜਿੰਦਗੀ ਦੀ ਹੱਡਬੀਤੀ ਨੂੰ ਆਪਣੀ ਅਵਾਜ਼ ਵਿੱਚ ਤਿੰਨ ਰੇਡਿਓ ਕੈਸਟਾਂ ਰਿਲੀਜ਼ ਕੀਤੀਆਂ, ਜਿੰਨ੍ਹਾਂ ਦੇ ਗਾਣੇ ਵੀ ਉਨ੍ਹਾਂ ਨੇ ਖੁਦ ਲਿਖੇ। ਉਨ੍ਹਾਂ ਟਿਕਟ ਦਾ ਐਲਾਨ ਹੁੰਦਿਆਂ ਹੀ ਲੋਕ ਸਭਾ ਹਲਕਾ ਸੰਗਰੂਰ 'ਚ ਆਪਣੀਆਂ ਸਿਆਸੀ ਗਤੀਵਿਧੀਆਂ ਆਰੰਭ ਦਿੱਤੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਨੂੰ ਰਿਵਾਇਤੀ ਪਾਰਟੀਆਂ ਤੋਂ ਮੁਕਤ ਕਰਵਾਉਣ ਲਈ ਲੋਕ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਉਮੀਦਵਾਰਾਂ ਨੂੰ ਸਫ਼ਲ ਬਣਾਉਣ ਤਾਂ ਜੋ ਭ੍ਰਿਸ਼ਟਾਚਾਰ ਮੁਕਤ ਦੇਸ਼ ਦੀ ਸਿਰਜਣਾ ਕੀਤੀ ਜਾ ਸਕੇ।