Arash Info Corporation

ਬੱਚਾ ਬਦਲਣ ਦਾ ਵਿਵਾਦ: ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਨ ਤੋਂ ਨਾਂਹ

02

April

2019

ਐੱਸ.ਏ.ਐੱਸ. ਨਗਰ (ਮੁਹਾਲੀ), ਸਥਾਨਕ ਸਰਕਾਰੀ ਹਸਪਤਾਲ, ਫੇਜ਼-6 ਵਿੱਚ ਜਣੇਪੇ ਤੋਂ ਬਾਅਦ ਨਵਜੰਮਿਆ ਬੱਚਾ ਬਦਲਣ ਦਾ ਦੋਸ਼ ਲਾਉਣ ਵਾਲੇ ਪਿੰਡ ਸੋਹਾਣਾ ਦੇ ਪਰਿਵਾਰ ਦੀ ਤਸੱਲੀ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਡੀਐੱਨਏ ਟੈਸਟ ਕਰਵਾਏਗੀ ਅਤੇ ਫੋਰੈਂਸਿਕ ਜਾਂਚ ਲਈ ਨਵਜੰਮੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਭਲਕੇ ਮੰਗਲਵਾਰ ਨੂੰ ਮੈਡੀਕਲ ਕਾਲਜ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਹਾਲਾਂਕਿ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਮੁਹਾਲੀ ਦੇ ਬੱਚਿਆਂ ਦੇ ਡਾਕਟਰ ਦੀ ਅਗਵਾਈ ਹੇਠ ਬਣੇ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਤਕਨੀਕੀ ਕਾਰਨਾਂ ਕਰ ਕੇ ਅੱਜ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ। ਜਾਂਚ ਅਧਿਕਾਰੀ ਏਐੱਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਨਵਜੰਮੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਬੋਰਡ ਨੇ ਬੱਚੇ ਦੀ ਲਾਸ਼ ਪੁਲੀਸ ਨੂੰ ਸੌਂਪ ਦਿੱਤੀ ਹੈ ਅਤੇ ਭਲਕੇ ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਫੋਰੈਂਸਿਕ ਜਾਂਚ ਲਈ ਪੰਜ ਡਾਕਟਰਾਂ ਦੇ ਮੈਡੀਕਲ ਬੋਰਡ ਤੋਂ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਡੀਐੱਨਏ ਟੈਸਟ ਵੀ ਕਰਵਾਇਆ ਜਾਵੇਗਾ। ਜੇਕਰ ਸ਼ਿਕਾਇਤ ਝੂਠੀ ਨਿਕਲੀ ਤਾਂ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਡਾਕਟਰਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਡਾਕਟਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਕੁੰਤੀ ਦੇਵੀ ਦੇ ਪਤੀ ਸੁਨੀਲ ਮਾਨਜੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਬੀਤੀ 29 ਮਾਰਚ ਨੂੰ ਜਣੇਪੇ ਦਾ ਦਰਦ ਹੋਣ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਆਟੋ ਵਿੱਚ ਸਥਾਨਕ ਸਰਕਾਰ ਹਸਪਤਾਲ ਲੈ ਕੇ ਆਇਆ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਦਾਖ਼ਲ ਕਰਨਾ ਪਏਗਾ ਕਿਉਂਕਿ ਬੱਚੇ ਦੇ ਜਨਮ ਦਾ ਸਮਾਂ ਆ ਗਿਆ ਹੈ। ਉਹ ਪਤਨੀ ਨੂੰ ਦਾਖ਼ਲ ਕਰਵਾਉਣ ਮਗਰੋਂ ਫਾਈਲ ਬਣਾਉਣ ’ਚ ਜੁੱਟ ਗਿਆ ਅਤੇ ਫਾਈਲ ਬਣਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਹੈ। ਸੁਨੀਲ ਅਨੁਸਾਰ ਜਦੋਂ ਉਸ ਨੇ ਬੱਚਾ ਦੇਖਿਆ ਤਾਂ ਇੰਝ ਜਾਪਦਾ ਸੀ ਜਿਵੇਂ ਬੱਚਾ ਚਾਰ-ਪੰਜ ਦਿਨ ਪਹਿਲਾਂ ਮਰਿਆ ਹੋਵੇ। ਉਸ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਉਸ ਦਾ ਬੱਚਾ ਬਦਲ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਬੱਚੇ ਦਾ ਪੋਸਟ ਮਾਰਟਮ ਤੇ ਡੀਐੱਨਏ ਟੈਸਟ ਕਰਾਉਣ ਦੀ ਮੰਗ ਵੀ ਕੀਤੀ। ਮਾਂ ਦੀ ਕੁੱਖ ’ਚੋਂ ਮਰਿਆ ਬੱਚਾ ਪੈਦਾ ਹੋਇਆ ਸੀ: ਐੱਸਐੱਮਓ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਮਨਜੀਤ ਸਿੰਘ ਨੇ ਨਵਜੰਮਾ ਬੱਚਾ ਬਦਲਣ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਾਂ ਦੀ ਕੁੱਖ ਵਿੱਚ ਹੀ ਬੱਚੇ ਦੀ ਮੌਤ ਹੋ ਚੁੱਕੀ ਸੀ। ਅਲਟਰਾ ਸਾਊਂਡ ਦੀ ਰਿਪੋਰਟ ਦੇਖ ਕੇ ਮਾਪਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਬੱਚੇ ਦੀ ਹਾਲਤ ਠੀਕ ਨਹੀਂ ਹੈ ਅਤੇ ਜਣੇਪੇ ਦੌਰਾਨ ਨਾੜੀ ਕੱਟਣ ਤੋਂ ਪਹਿਲਾਂ ਵੀ ਬੱਚੇ ਦੀ ਮੌਤ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਸੀ। ਜਦੋਂ ਕੁੰਤੀ ਦੇਵੀ ਦਾ ਜਣੇਪਾ ਹੋਇਆ, ਉਸ ਤੋਂ ਦੋ ਘੰਟੇ ਪਹਿਲਾਂ ਜਾਂ ਦੋ ਘੰਟੇ ਬਾਅਦ ਤੱਕ ਹਸਪਤਾਲ ਵਿੱਚ ਕੋਈ ਜਣੇਪਾ ਨਹੀਂ ਸੀ ਹੋਇਆ, ਇਸ ਕਰਕੇ ਨਵਜੰਮਿਆ ਬੱਚਾ ਬਦਲੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।