ਮਹਾਂ-ਮਿਲਾਵਟੀ ਗੱਠਜੋੜ ਦਾ ਮੁੱਖ ਨਿਸ਼ਾਨਾ ਵਿਕਾਸ ਨਹੀਂ, ਮੈਂ ਹਾਂ: ਹਰਸਿਮਰਤ

29

March

2019

ਲੰਬੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਸਾਰੀਆਂ ਪਾਰਟੀਆਂ ਦੇ ਮਹਾਂ- ਮਿਲਾਵਟੀ ਗੱਠਜੋੜ ਦਾ ਮੁੱਖ ਨਿਸ਼ਾਨਾ ਵਿਕਾਸ ਨਹੀਂ, ਸਗੋਂ ਉਹ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੀ ਗੱਠਜੋੜ ਦੇਸ਼ ਪੱੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵੀ ਕਾਰਜਸ਼ੀਲ ਹੈ, ਜਿਸ ਕੋਲ ਵਿਕਾਸ ਨਾਂ ਦਾ ਕੋਈ ਚੀਜ਼ ਨਹੀਂ ਹੈ। ਅੱਜ ਸ਼ਾਮ ਪਿੰਡ ਬਾਦਲ ਵਿਚ ਗੱਲਬਾਤ ਦੌਰਾਨ ਬੀਬੀ ਬਾਦਲ ਨੇ ਆਖਿਆ ਕਿ ਬਠਿੰਡਾ ’ਚ ਉਨ੍ਹਾਂ ਨੂੰ ਹਰਾਉਣ ਲਈ ਕੋਈ ਵਾਹ ਨਾ ਚੱਲਣ ’ਤੇ ਕਾਂਗਰਸ, ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਆਦਿ ਇਕੱਠੇ ਹੋ ਕੇ ਕੋਈ ਵੀ ਚਾਲ ਚੱਲ ਸਕਦੇ ਹਨ ਪਰ ਉਹ ਕਦੇ ਸਫ਼ਲ ਨਹੀਂ ਹੋਣਗੇ। ਕੇਂਦਰੀ ਮੰਤਰੀ ਨੇ ਆਖਿਆ ਕਿ ਉਹ ਇਸ ਮਿਲਾਵਟੀ ਗੱਠਜੋੜ ਨਾਲ ਫ਼ਸਵਾਂ ਮੁਕਾਬਲਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਸੂਬੇ ਦੀਆਂ ਬਾਕੀ 12 ਲੋਕ ਸਭਾ ਸੀਟਾਂ ਨਾਲੋਂ ਹਰਸਿਮਰਤ ਕੌਰ ਬਾਦਲ ਦਾ ਸਿਆਸੀ ਘਿਰਾਓ ਮੁੱਖ ਨਿਸ਼ਾਨਾ ਹੈ। ਸੁਖਪਾਲ ਸਿੰਘ ਖਹਿਰਾ ਵੀ ਕਾਂਗਰਸ ਦੀ ਬੀ ਟੀਮ ਹੈ ਅਤੇ ਕੇਜਰੀਵਾਲ ਕਾਂਗਰਸ ਦੀ ਬੁੱਕਲ ’ਚ ਬੈਠਣ ਲਈ ਉਤਾਵਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬ) ਦਾ ਮੁੱਖ ਨਿਸ਼ਾਨਾ ਵਿਕਾਸ ਤੇ ਸਮਾਜਿਕ ਭਾਈਚਾਰਾ ਹੈ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਸਮਝ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੀ ਤਰਜੀਹ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਹੈ। ਬਠਿੰਡਾ ਜਾਂ ਫਿਰੋਜ਼ਪੁਰ ਵਿੱਚੋਂ ਚੋਣ ਲੜਨਾ ਹਾਈਕਮਾਂਡ ਦੇ ਫ਼ੈਸਲੇ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਨੇ ਬਠਿੰਡਾ ਲੋਕ ਸਭਾ ਹਲਕੇ ਨੂੰ ਹੱਥੀਂ ਸੰਵਾਰਿਆ-ਸਜਾਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਰਕਰ ਮੀਟਿੰਗਾਂ ਤਾਂ ਅਕਾਲੀ ਦਲ ਦੀ ਸਰਗਰਮ ਕਾਰਜ ਪ੍ਰਣਾਲੀ ਦਾ ਹਿੱਸਾ ਹਨ ਅਤੇ ਇਹ ਜ਼ਮੀਨੀ ਰਾਬਤਾ ਹਮੇਸ਼ਾਂ ਤੋਂ ਲਗਾਤਾਰ ਜਾਰੀ ਰਹਿੰਦਾ ਹੈ। ਪੰਜਾਬ ਵਿਚ ਅਕਾਲੀ ਦਲ ਵੱਲੋਂ ਦਸ ਸਾਲਾ ਕਾਰਜਕਾਲ ਦੀਆਂ ਪ੍ਰਾਪਤੀਆਂ ਦੀ ਥਾਂ ਹੁਣ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਮੰਗਣ ਦੇ ਸਵਾਲ ’ਤੇ ਉਨ੍ਹਾਂ ਆਖਿਆ ਕਿ ਉਹ ਲੋਕ ਸਭਾ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜ ਰਹੇ ਹਨ ਤਾਂ ਅਜਿਹਾ ਲਾਜ਼ਮੀ ਹੈ। ਇਸ ਦੇ ਨਾਲ-ਨਾਲ ਅਕਾਲੀ ਦਲ ਕਾਡਰ ਅਤੇ ਲੀਡਰਸ਼ਿਪ ਦਸ ਸਾਲਾਂ ’ਚ ਹੋਏ ਵਿਕਾਸ ਨੂੰ ਵੋਟਰਾਂ ਦੇ ਸਨਮੁੱਖ ਰੱਖ ਰਿਹਾ ਹੈ।