ਪ੍ਰਕਾਸ਼ ਸਿੰਘ ਬਾਦਲ ਹੁਣ ਕੋਈ ਚੋਣ ਨਹੀਂ ਲੜਨਗੇ: ਸੁਖਬੀਰ

29

March

2019

ਗੜ੍ਹਸ਼ੰਕਰ ਹਲਕਾ ਚੱਬੇਵਾਲ ਦੇ ਕਸਬਾ ਕੋਟ ਫਤੂਹੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨਾਲ ਮਿਲਣੀ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਦੇ ਚੋਣ ਹਲਕੇ ਬਾਰੇ ਪਾਰਟੀ ਵੱਲੋਂ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਸਟਾਰ ਚੋਣ ਪ੍ਰਚਾਰਕ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਕੋਈ ਚੋਣ ਨਹੀਂ ਲੜਨਗੇ ਪਰ ਪਾਰਟੀ ਵਰਕਰ ਉਨ੍ਹਾਂ ਦੀ ਸੇਧ ਅਤੇ ਅਗਵਾਈ ਹੇਠ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਨੇ ਸੱਤਾਧਾਰੀ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਨੂੰ ਸਮਝਣ ਵਾਲੀ ਪਾਰਟੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਹੈਰਾਨੀਜਨਕ ਜਿੱਤ ਹਾਸਲ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਧੱਕੇਸ਼ਾਹੀ ਕਰ ਸਕਦੀ ਹੈ, ਜਿਸ ਕਰਕੇ ਪਾਰਟੀ ਵੱਲੋਂ ਪੰਜਾਬ ਵਿਚ ਪੈਰਾ ਮਿਲਟਰੀ ਫੋਰਸ ਦੀ ਤਾਇਨਾਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੀਟਿੰਗ ਵਿਚ ਉਮੀਦਵਾਰਾਂ ਦੇ ਨਾਵਾਂ ਬਾਰੇ ਅੰਤਿਮ ਫ਼ੈਸਲਾ ਜਲਦ ਲਿਆ ਜਾਵੇਗਾ ਤੇ ਪਾਰਟੀ ਹਰਿਆਣਾ ਵਿਚ ਵੀ ਭਾਈਵਾਲ ਪਾਰਟੀ ਨਾਲ ਗੱਠਜੋੜ ਕਰ ਕੇ ਲੋਕ ਸਭਾ ਚੋਣਾਂ ਲੜੇਗੀ। ਇਸ ਮੌਕੇ ਪਾਰਟੀ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਫੋਟੋਆਂ ਖਿੱਚੀਆਂ ਤੇ ਦੋਸਤਾਨਾ ਅੰਦਾਜ਼ ਵਿਚ ਗੱਲਾਂ ਕੀਤੀਆਂ। ਹੁਸ਼ਿਆਰਪੁਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਅਤੇ ਪੰਚਾਇਤੀ ਚੋਣਾਂ ’ਚ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਪੁਲੀਸ ਦਾ ਸਿਆਸੀਕਰਨ ਹੋ ਚੁੱਕਿਆ ਹੈ, ਜਿਸ ਨੂੰ ਕੰਟਰੋਲ ਕਰਨ ਦੀ ਲੋੜ ਹੈ। ਪੰਜਾਬ ਤੋਂ ਇਲਾਵਾ ਹਰਿਆਣਾ ਵਿਚ ਵੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ’ਤੇ ਚੋਣ ਲੜੇਗਾ ਪਰ ਸੀਟਾਂ ਬਾਰੇ ਫ਼ੈਸਲਾ ਹਰਿਆਣਾ ਯੂਨਿਟ ਕਰੇਗਾ। ਉਨ੍ਹਾਂ ਦੱਸਿਆ ਕਿ ਤਿੰਨ-ਚਾਰ ਦਿਨਾਂ ’ਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਟਾਂਡਾ : ਸੁਖਬੀਰ ਬਾਦਲ ਨੇ ਕਿਹਾ ਕਿ ਸਮਾਂ ਆਉਣ ’ਤੇ ਸੂਬਾ ਸਰਕਾਰ ਵੱਲੋਂ ਅਕਾਲੀ ਵਰਕਰਾਂ ’ਤੇ ਕੀਤੇ ਗਏ ਝੂਠੇ ਪਰਚਿਆਂ ਦਾ ਜਵਾਬ ਦਿੱਤਾ ਜਾਵੇਗਾ। ਉਹ ਅੱਜ ਇੱਥੇ ‘ਵਰਕਰ ਮਿਲਣੀ ਪ੍ਰੋਗਰਾਮ’ ਤਹਿਤ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।