ਮੁਹਾਲੀ-ਖਰੜ ਸੜਕ ’ਤੇ ਉਸਾਰੀਆਂ ਢਾਹੁਣ ਦਾ ਕੰਮ ਜਾਰੀ

29

March

2019

ਖਰੜ, ਮੁਹਾਲੀ ਤੋਂ ਖਰੜ ਤੱਕ ਉਸਾਰੀ ਅਧੀਨ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅੱਜ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਸਹਾਇਤਾ ਨਾਲ ਉਸਾਰੀਆਂ ਢਾਹੁਣ ਦਾ ਕੰਮ ਜਾਰੀ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਗਿਆ ਸੀ ਇਸ ਫਲਾਈਓਵਰ ਦੀ ਉਸਾਰੀ ਵਿੱਚ 89 ਅਜਿਹੇ ਢਾਂਚੇ ਹਨ, ਜਿਨ੍ਹਾਂ ਦੀਆਂ ਮੁਆਵਜ਼ਾ ਰਕਮਾਂ ਪ੍ਰਸ਼ਾਸਨ ਕੋਲ ਜਮ੍ਹਾਂ ਹੋਇਆਂ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਇਹ ਉਸਾਰੀਆਂ ਢਾਹੀਆਂ ਨਹੀਂ ਗਈਆਂ ਹਨ। ਇਨ੍ਹਾਂ 89 ਢਾਂਚਿਆਂ ਵਿੱਚੋਂ ਦੋ ਦਿਨਾਂ ਦੌਰਾਨ 25 ਦੇ ਕਰੀਬ ਸਟਚਰਕਰ ਹੀ ਢਾਹੇ ਜਾ ਚੁੱਕੇ ਹਨ ਅਤੇ ਬਾਕੀ ਢਾਂਚੇ ਕਿਸੇ ਨਾ ਕਿਸੇ ਕਾਰਨ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਖੜ੍ਹੇ ਹਨ। ਕਈ ਮਾਲਕਾਂ ਵੱਲੋਂ ਦੁਬਾਰਾ ਨਿਸ਼ਾਨਦੇਹੀ ਲਈ ਕਿਹਾ ਜਾ ਰਿਹਾ ਹੈ ਅਤੇ ਕਈਆਂ ਵੱਲੋਂ ਖੁੱਦ ਇਨ੍ਹਾਂ ਨੂੰ ਹਟਾਉਣ ਲਈ ਭਰੋਸਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਤੱਕ ਇਹ ਪੂਰੇ ਸਟਰਚਕਰ ਹਟਾ ਨਹੀਂ ਦਿੱਤੇ ਜਾਂਦੇ ਉਸ ਸਮੇ ਤੱਕ ਸੜਕ ਦੇ ਕੰਮ ਵਿੱਚ ਤੇਜ਼ੀ ਨਹੀਂ ਲਿਆਂਦੀ ਜਾ ਸਕਦੀ। ਹਾਈਵੇਅ ਅਥਾਰਿਟੀ ਨੇ ਲੋਕਾਂ ਤੋਂ ਮੰਗਿਆ ਸਹਿਯੋਗ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਟੈਕਨੀਕਲ ਡਾਇਰੈਕਟਰ ਕ੍ਰਿਸ਼ਨ ਸਚਦੇਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਥਾਰਿਟੀ ਨੂੰ ਸਹਿਯੋਗ ਦੇਣ ਅਤੇ ਅੜਿਕਾ ਬਣੇ ਢਾਚਿਆਂ ਨੂੰ ਤੁਰੰਤ ਹਟਾ ਦੇਣ ਤਾਂ ਕਿ ਕੰਮ ਤੇਜ਼ੀ ਨਾਲ ਸ਼ੁਰੂ ਹੋ ਸਕੇ। ਜ਼ਿਕਰਯੋਗ ਹੈ ਕਿ ਉਸਾਰੀ ਕੰਪਨੀ ਐਲਐਂਡਟੀ ਵੱਲੋਂ ਕਈ ਵਾਰੀ ਲਿਖ ਕੇ ਦਿੱਤਾ ਜਾ ਚੁੱਕਾ ਹੈ ਕਿ ਜੇ ਸੜਕ ਦੀ ਉਸਾਰੀ ਲਈ ਲੋੜੀਦੀ ਜ਼ਮੀਨ ਮੁਹੱਈਆ ਨਹੀਂ ਕਰਵਾਈ ਗਈ ਤਾਂ ਉਹ ਕੰਮ ਛੱਡ ਕੇ ਚਲੇ ਜਾਣਗੇ।