ਟਿਕਟ ਮਿਲੀ ਤਾਂ ਜਿੱਤ ਲਗਪਗ ਤੈਅ: ਪਵਨ ਬਾਂਸਲ

29

March

2019

ਚੰਡੀਗੜ੍ਹ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਇਸ ਵਾਰ ਨਾ ਮੋਦੀ ਲਹਿਰ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਉਭਾਰ ਹੈ। ਇਸ ਲਈ ਉਨ੍ਹਾਂ ਦੀ ਜਿੱਤ ਲਈ ਰਸਤਾ ਲਗਪਗ ਸਾਫ ਹੈ। ਚਾਰ ਵਾਰ ਸੰਸਦ ਮੈਂਬਰ ਰਹੇ ਅਤੇ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ਦੇ ਮੁੱਖ ਦਾਅਵੇਦਾਰ ਸ੍ਰੀ ਬਾਂਸਲ ਨੇ ਕਿਹਾ ਕਿ 2014 ਦੀਆਂ ਚੋਣਾਂ ਹਾਰਨ ਦੇ ਦੋ ਮੁੱਖ ਕਾਰਨ ਸਨ। ਪਹਿਲਾ ਕਾਰਨ ਉਸ ਵੇਲੇ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਸੀ। ਦੂਸਰਾ ਚੰਡੀਗੜ੍ਹ ਵਿਚ ‘ਆਪ’ ਦਾ ਉਭਾਰ ਸੀ ਅਤੇ ‘ਆਪ’ ਉਮੀਦਵਾਰ ਗੁਲ ਪਨਾਗ ਨੂੰ 1.08 ਲੱਖ ਵੋਟਾਂ ਮਿਲੀਆਂ ਸਨ ਜਿਸ ਕਾਰਨ ਉਹ ਮਹਿਜ਼ 1.21 ਲੱਖ ਵੋਟਾਂ ਤਕ ਸੀਮਤ ਰਹਿ ਗਏ ਸਨ। ‘ਆਪ’ ਵੱਲੋਂ ਵਿਰੋਧੀ ਵੋਟਾਂ ਵੰਡੇ ਜਾਣ ਕਾਰਨ ਭਾਜਪਾ ਉਮੀਦਵਾਰ ਕਿਰਨ ਖੇਰ ਦਾ ਜਿੱਤ ਦਾ ਰਸਤਾ ਸੌਖਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ‘ਆਪ’ ਦੀ ਚੰਡੀਗੜ੍ਹ ਵਿਚ ਕੋਈ ਹੌਂਦ ਨਹੀਂ। ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਟਿਕਟ ਦਿੱਤੀ ਹੈ ਅਤੇ ਪਾਰਟੀ ਦੇ 16 ਆਗੂ ਸ੍ਰੀ ਧਵਨ ਦੇ ਵਤੀਰੇ ਕਾਰਨ ਅਸਤੀਫੇ ਦੇ ਚੁੱਕੇ ਹਨ। ਸ੍ਰੀ ਬਾਂਸਲ ਨੇ ਕਿਹਾ ਕਿ ਸਾਲ 2014 ਦੀਆਂ ਚੋਣਾਂ ਤੋਂ ਪਹਿਲਾਂ ਉਹ ਨਿਰੰਤਰ ਤਿੰਨ ਵਾਰ ਜਿੱਤਦੇ ਰਹੇ ਸਨ। ਇਸ ਵਾਰ ਲੋਕਾਂ ਨੂੰ ਉਨ੍ਹਾਂ ਦੇ ਮੁਕਾਬਲੇ ਕਿਰਨ ਖੇਰ ਨਾਲ ਤੁਲਨਾ ਕਰਨ ਦਾ ਮੌਕਾ ਵੀ ਮਿਲ ਜਾਵੇਗਾ ਅਤੇ ਮੌਜੂਦਾ ਸੰਸਦ ਮੈਂਬਰ ਦੀ ਮਾੜੀ ਕਾਰਗੁਜ਼ਾਰੀ ਦਾ ਉਨ੍ਹਾਂ ਨੂੰ ਲਾਭ ਹੋਵੇਗਾ। ਸ੍ਰੀ ਬਾਂਸਲ ਨੇ ਕਿਹਾ ਕਿ ਕਿਰਨ ਖੇਰ ਨੇ ਰਿਹਾਇਸ਼ੀ ਪ੍ਰਾਪਰਟੀ ਨੂੰ ਲੀਜ਼ ਹੋਲਡ ਤੋਂ ਫਰੀ ਹੋਲਡ ਦਾ ਕਰਵਾਇਆ ਫੈਸਲਾ ਲੋਕਾਂ ਨੂੰ ਮਹਿੰਗਾ ਪਿਆ ਹੈ ਕਿਉਂਕਿ ਫੀਸ 1710 ਰੁਪਏ ਪ੍ਰਤੀ ਗਜ਼ ਤੋਂ ਵਧਾ ਕੇ 83 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਸ਼ਹਿਰ ਦੀ ਸਫਾਈ ਦਾ ਵੀ ਮੰਦਾ ਹਾਲ ਹੈ ਅਤੇ ਚੰਡੀਗੜ੍ਹ ਬਿਊਟੀਫੁੱਲ ਸਿਟੀ ਦਾ ਵਕਾਰ ਵੀ ਗੁਵਾਉਂਦਾ ਜਾ ਰਿਹਾ ਹੈ। ਕਿਰਨ ਖੇਰ ਨੇ ਮੈਟਰੋ ਪ੍ਰੋਜੈਕਟ ਦਾ ਵਿਰੋਧ ਕਰਕੇ ਉਸ ਨੂੰ ਰੋਕ ਦਿੱਤਾ ਹੈ। ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਹਾਊਸਿੰਗ ਸਕੀਮ ਤਹਿਤ 11 ਸਾਲਾਂ ਬਾਅਦ ਵੀ ਫਲੈਟ ਨਾ ਦੇਣ ਦੇ ਮਾਮਲੇ ਵਿਚ ਵੀ ਹਾਈ ਕੋਰਟ ਦੀ ਦਖਲਅੰਦਾਜ਼ੀ ਨਾਲ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ। ਸ਼ਹਿਰ ਵਿਚ ਪਾਰਕਿੰਗ ਦੀ ਮੰਦੀ ਹਾਲਤ ਹੈ ਅਤੇ ਸੰਸਦ ਮੈਂਬਰ ਖਾਮੋਸ਼ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਉਹ ਇਥੋਂ ਦੇ ਵਸਨੀਕ ਹਨ ਅਤੇ ਹਰੇਕ ਸੈਕਟਰ, ਪਿੰਡ, ਕਲੋਨੀ ਅਤੇ ਨੁਕਰ ਦੇ ਭੇਤੀ ਹਨ। ਉਨ੍ਹਾਂ ਦਾ ਹਰੇਕ ਵਰਗ ਦੇ ਲੋਕਾਂ ਨਾਲ ਨੇੜਲਾ ਰਾਬਤਾ ਹੈ। ਇਸ ਤੋਂ ਇਲਾਵਾ ਉਹ ਦਹਾਕਿਆਂ ਤੋਂ ਚੰਡੀਗੜ੍ਹ ਕਾਂਗਰਸ ਵਿਚ ਸਰਗਰਮ ਹਨ ਅਤੇ ਮੋਦੀ ਸਰਕਾਰ ਦੀਆ ਨਾਕਾਮੀਆਂ ਵਿਰੁੱਧ ਜਦੋ-ਜਹਿਦ ਕਰਦੇ ਆ ਰਹੇ ਹਨ। ਇਨ੍ਹਾਂ ਤੱਥਾਂ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਆਸ ਹੈ ਕਿ ਪਾਰਟੀ ਟਿਕਟ ਉਨ੍ਹਾਂ (ਬਾਂਸਲ) ਨੂੰ ਹੀ ਦੇਵੇਗੀ। ਸ੍ਰੀ ਬਾਂਸਲ ਨੇ ਕਿਹਾ ਕਿ ਉਹ ਭਾਜਪਾ ਦੇ ਕਿਸੇ ਵੀ ਉਮੀਦਵਾਰ ਦਾ ਮੁਕਾਬਲਾ ਕਰਨ ਲਈ ਤਿਆਰ ਹਨ ਕਿਉਂਕਿ ਚੰਡੀਗੜ੍ਹ ਵਿੱਚ ਭਾਜਪਾ ਦੀ ਸਥਿਤੀ ਮਾੜੀ ਹੈ।