Arash Info Corporation

ਸਿਹਤ ਵਿਭਾਗ ਨੇ ਸ਼ੱਕੀ ਨਕਲੀ ਪਨੀਰ ਤੇ ਕਰੀਮ ਦੇ ਸੈਂਪਲ ਭਰੇ

27

March

2019

ਮੁਕੇਰੀਆਂ, ਚੋਣ ਕਮਿਸ਼ਨ ਵਲੋਂ ਨਿਯੁਕਤ ਉਡਣ ਦਸਤਿਆਂ ਦੀ ਚੌਕਸੀ ਨਾਲ ਸਿਹਤ ਵਿਭਾਗ ਨੇ ਅੱਜ ਨੌਸ਼ਹਿਰਾ ਪੱਤਣ ਪੁਲ ਕੋਲੋਂ ਗੁਰਦਾਸਪੁਰ ਵਲੋਂ ਆਉਂਦੇ 3 ਵਾਹਨਾਂ ਨੂੰ ਰੋਕ ਕੇ ਕਰੀਬ 6 ਕੁਇੰਟਲ ਸ਼ੱਕੀ ਨਕਲੀ ਪਨੀਰ ਤੇ 70 ਕਿਲੋ ਕਰੀਮ ਕਬਜ਼ੇ ਵਿਚ ਲਿਆ ਹੈ। ਪਨੀਰ ਅਤੇ ਕਰੀਮ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਹ ਕਾਰਵਾਈ ਸਿਹਤ ਵਿਭਾਗ ਦੇ ਇੰਸਪੈਕਟਰ ਰਮਨ ਵਿਰਦੀ, ਏ.ਡੀ.ਓ. ਕਮਲਦੀਪ ਸਿੰਘ, ਏਈਓ ਅਨੁਪਮ ਡੋਗਰਾ, ਏਐਸਆਈ ਰਾਜਪਾਲ ਅਤੇ ਏਐਸਆਈ ਦਿਲਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੀਤੀ ਹੈ। ਫੜਿਆ ਪਨੀਰ ਸ਼ੱਕੀ ਮੰਨਿਆ ਜਾ ਰਿਹਾ ਹੈ, ਪਰ ਇਹ ਸਾਮਾਨ ਸੈਂਪਲ ਭਰਨ ਉਪਰੰਤ ਸਿਹਤ ਅਧਿਕਾਰੀਆਂ ਨੇ ਖੁੱਲ੍ਹੇ ਵਿੱਚ ਵੇਚਣ ਲਈ ਛੱਡ ਦਿੱਤਾ ਹੈ, ਕਿਉਂਕਿ ਲਏ ਨਮੂਨਿਆਂ ਦੀ ਰਿਪੋਰਟ ਆਉਣ ਤੱਕ ਸਾਮਾਨ ਜ਼ਬਤ ਰੱਖਣ ਲਈ ਸਿਹਤ ਵਿਭਾਗ ਕੋਲ ਲੋੜੀਂਦੇ ਪ੍ਰਬੰਧ ਨਹੀਂ ਸਨ। ਜਾਂਚ ਟੀਮ ਦੇ ਮੁਖੀ ਇੰਸਪੈਕਟਰ ਰਮਨ ਵਿਰਦੀ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਚੋਣ ਕਮਿਸ਼ਨ ਅਧਿਕਾਰੀ ਕਮ ਐਸਡੀਐਮ ਅਦਿੱਤਿਆ ਉੱਪਲ ਵਲੋਂ ਤਾਇਨਾਤ ਉਡਣ ਦਸਤਿਆਂ ਰਾਹੀਂ ਉਕਤ ਸਾਮਾਨ ਸਬੰਧੀ ਸੂਚਨਾ ਮਿਲੀ ਸੀ। ਸਿਹਤ ਵਿਭਾਗ ਦੀ ਟੀਮ ਨੇ ਨੁਸ਼ਹਿਰਾ ਪੱਤਣ ਪੁਲ ’ਤੇ ਵਿਸ਼ੇਸ਼ ਨਾਕਾ ਲਗਾਇਆ ਸੀ। ਇਸੇ ਦੌਰਾਨ ਕਰੀਬ 5 ਵਜੇ ਗੁਰਦਾਸਪੁਰ ਵਲੋਂ 3 ਮਹਿੰਦਰਾ ਪਿੱਕਅੱਪ ਗੱਡੀਆਂ ( ਪੀਬੀ 06 ਵੀ 8582, ਪੀਬੀ 07 ਟੀ 1212 ਅਤੇ ਪੀਬੀ 07 ਸੀ ਟੈਂਪਰੇਰੀ 1824) ਰੋਕਿਆ ਗਿਆ। ਇਨ੍ਹਾਂ ਗੱਡੀਆਂ ਵਿੱਚ ਵੱਡੇ ਪੱਧਰ ’ਤੇ ਸ਼ੱਕੀ ਨਕਲੀ ਪਨੀਰ ਤੇ ਕਰੀਮ ਲੱਦੀ ਹੋਈ ਸੀ। ਇਨ੍ਹਾਂ ਗੱਡੀਆਂ ਦੇ ਚਾਲਕਾਂ ਦੀ ਪਛਾਣ ਪ੍ਰੇਮ ਸਿੰਘ ਭੈਣੀ ਮੀਆਂ ਖਾਂ ਅਤੇ ਸਤਿੰਦਰ ਸਿੰਘ ਵਾਸੀ ਦੀਨਾਨਗਰ ਵਜੋਂ ਹੋਈਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਇਨ੍ਹਾ ਵਿੱਚੋਂ ਕੁਝ ਖਿਲਾਫ਼ ਪਹਿਲਾਂ ਹੀ ਨਕਲੀ ਪਨੀਰ ਵੇਚਣ ਸਬੰਧੀ ਕਾਰਵਾਈ ਚੱਲ ਰਹੀ ਹੈ। ਸਾਮਾਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਸ ਮੌਕੇ ਸਿਹਤ ਵਿਭਾਗ ਤੋਂ ਰਾਮ ਲੁਭਾਇਆ, ਨਰੇਸ਼ ਕੁਮਾਰ, ਅਸ਼ੋਕ ਕੁਮਾਰ, ਭੂਸ਼ਨ ਸਿੰਘ ਤੇ ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ।