ਰਿਸ਼ਵਤਖੋਰ ਹੌਲਦਾਰ ਨੂੰ ਪੰਜ ਸਾਲ ਦੀ ਸਜ਼ਾ

27

March

2019

ਚੰਡੀਗੜ੍ਹ, ਸੀਬੀਆਈ ਦੀ ਅਦਾਲਤ ਵੱਲੋਂ ਲਗਪਗ ਸਾਢੇ ਚਾਰ ਸਾਲ ਪਹਿਲਾਂ ਇੱਕ ਆਟੋ ਚਾਲਕ ਤੋਂ ਰਿਸ਼ਵਤ ਲੈਣ ਵਾਲੇ ਕੇਸ ਦੀ ਸੁਣਵਾਈ ਕਰਦਿਆਂ ਅੱਜ ਰਿਸ਼ਵਤਖੋਰ ਹੌਲਦਾਰ ਪਰਮਜੀਤ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸਤੰਬਰ 2014 ਵਿਚ ਸੀਬੀਆਈ ਨੇ ਖਰੜ ਦੇ ਵਸਨੀਕ ਆਟੋ ਚਾਲਕ ਨਰੋਤਮ ਦੀ ਸ਼ਿਕਾਇਤ ਉਤੇ ਹੌਲਦਾਰ ਪਰਮਜੀਤ ਸਿੰਘ ਨੂੰ ਟਰੈਪ ਲਗਾ ਕੇ ਇੱਕ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਨਰੋਤਮ ਦਾ ਦੋਸ਼ ਸੀ ਕਿ ਉਕਤ ਹੌਲਦਾਰ ਚੰਡੀਗੜ੍ਹ ਵਿਚ ਆਪਣਾ ਆਟੋ ਚਲਾਉਣ ਸਬੰਧੀ ਮਹੀਨਾਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪ੍ਰੇਸ਼ਾਨ ਹੋਏ ਨਰੋਤਮ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੌਰਾਨ ਉਸ ਨੂੰ ਟ੍ਰੈਫ਼ਿਕ ਬੂਥ ਵਿਚ ਇਕ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕੇਸ ਦੀ ਸੁਣਵਾਈ ਸੀ.ਬੀ.ਆਈ. ਦੀ ਅਦਾਲਤ ਵਿਚ ਚੱਲ ਰਹੀ ਸੀ। ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਪੁਲੀਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਪੁਲੀਸ ਨੇ ਇਕ ਹੌਲਦਾਰ ਤੇ ਇਕ ਸਿਪਾਹੀ ਵਿਰੁੱਧ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਦੇ ਬੁਲਾਰੇ ਅਨੁਸਾਰ ਇਕ ਵਿਅਕਤੀ ਨੇ ਐਸਐਸਪੀ ਚੰਡੀਗੜ੍ਹ ਨੀਲਾਂਬਰੀ ਜਗਦਲੇ ਨੂੰ ਸ਼ਿਕਾਇਤ ਕੀਤੀ ਸੀ ਕਿ ਡੱਡੂਮਾਜਰਾ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਮਲੋਆ ਥਾਣੇ ਦੇ ਸਿਪਾਹੀ ਸੰਜੇ ਕੁਮਾਰ ਅਤੇ ਹੌਲਦਾਰ ਅਸ਼ੋਕ ਕੁਮਾਰ ਨੇ 10 ਹਜ਼ਾਰ ਰੁਪਏ ਰਿਸ਼ਵਤ ਲਈ ਹੈ ਜਿਸ ਅਧਾਰ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਤਹਿਤ ਸਿਪਾਹੀ ਸੰਜੇ ਕੁਮਾਰ ਪੜਤਾਲ ਵਿਚ ਸ਼ਾਮਲ ਹੋਇਆ ਹੈ ਪਰ ਹੌਲਦਾਰ ਅਸ਼ੋਕ ਕੁਮਾਰ ਛੁੱਟੀ ’ਤੇ ਹੋਣ ਕਾਰਨ ਪੁੱਛ-ਪੜਤਾਲ ਵਿਚ ਸ਼ਾਮਲ ਨਹੀਂ ਹੋਇਆ। ਸਿਪਾਹੀ ਸੰਜੇ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਹੌਲਦਾਰ ਅਸ਼ੋਕ ਨੂੰ ਪੁਲੀਸ ਲਾਈਨ ਭੇਜ ਦਿੱਤਾ ਹੈ।