Arash Info Corporation

ਗੱਤਾ ਫੈਕਟਰੀ ਨੂੰ ਅੱਗ ਲੱਗੀ

27

March

2019

ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਸਨਅਤੀ ਖੇਤਰ ਫੇਜ਼-8ਬੀ ਵਿੱਚ ਸਥਿਤ ਗੱਤਾ ਫੈਕਟਰੀ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰੰਤੂ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਵਾ 6 ਕੁ ਵਜੇ ਸੰਚਿਤ ਇੰਡਸਟਰੀ ਨਾਮੀ ਗੱਤਾ ਫੈਕਟਰੀ ਦੇ ਕਰਮਚਾਰੀਆਂ ਨੇ ਧੂੰਆਂ ਨਿਕਲਦਾ ਦੇਖਿਆ ਅਤੇ ਉਨ੍ਹਾਂ ਨੇ ਤੁਰੰਤ ਫੈਕਟਰੀ ਮਾਲਕ ਤੇਜਿੰਦਰ ਬਾਂਸਲ ਨੂੰ ਇਤਲਾਹ ਦਿੱਤੀ। ਫੈਕਟਰੀ ਵਿੱਚ ਗੱਤੇ ਦੇ ਡੱਬੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਥੇ ਪ੍ਰਿੰਟਿੰਗ ਪ੍ਰੈੱਸ ਦਾ ਵੀ ਕੰਮ ਹੁੰਦਾ ਹੈ। ਉਨ੍ਹਾਂ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ, ਪ੍ਰੰਤੂ ਫੈਕਟਰੀ ਮਾਲਕ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ ਅਤੇ ਸੰਘਣਾ ਧੂੰਆਂ ਕਾਫੀ ਦੂਰ ਤੱਕ ਫੈਲ ਗਿਆ। ਅੱਗ ਏਨੀ ਭਿਆਨਕ ਸੀ ਨਾਲ ਲੱਗਦੀਆਂ ਦੋ ਹੋਰ ਫੈਕਟਰੀਆਂ (ਡੀ-216 ਅਤੇ ਡੀ-218) ਤੱਕ ਵੀ ਪਹੁੰਚ ਗਈ। ਲੇਕਿਨ ਮੁਹਾਲੀ ਫਾਇਰ ਬ੍ਰਿਗੇਡ ਦੀ ਟੀਮ ਦੀ ਮੁਸਤੈਦੀ ਕਾਰਨ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕ ਲਿਆ ਗਿਆ। ਉਧਰ, ਮੁਹਾਲੀ ਦੇ ਫਾਇਰ ਅਫ਼ਸਰ ਕਰਮ ਚੰਦ ਸੂਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਜ ਸਵੇਰੇ 6:35 ਵਜੇ ਗੱਤਾ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਤੁਰੰਤ ਚਾਰ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਜ਼ਿਆਦਾ ਫੈਲੀ ਹੋਣ ਕਾਰਨ ਮੁੱਖ ਸੜਕ ਵਾਲੇ ਪਾਸਿਓਂ ਫੈਕਟਰੀ ਦੀ ਕੰਧ ਤੋੜਨੀ ਪਈ ਅਤੇ ਛੇ ਹੋਰ ਫਾਇਰ ਟੈਂਡਰ ਮੰਗਵਾਏ ਗਏ। ਇਸ ਦੌਰਾਨ ਵਾਰੋ ਵਾਰੀ ਕੁਆਰਕ ਸਿਟੀ, ਗੋਦਰੇਜ ਫੈਕਟਰੀ ਅਤੇ ਮੁਹਾਲੀ ਫਾਇਰ ਦਫ਼ਤਰ ’ਚੋਂ ਪਾਣੀ ਦੇ ਟੈਂਕਰ ਭਰੇ ਜਾਂਦੇ ਰਹੇ। ਸ਼ਾਮ ਤੱਕ ਕਰੀਬ 25 ਫਾਇਰ ਟੈਂਡਰ ਲੱਗ ਚੁੱਕੇ ਸਨ। ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ 7 ਵਜੇ ਤੱਕ ਵੀ ਫੈਕਟਰੀ ਅੰਦਰ ਅੱਗ ਸੁਲਗ ਰਹੀ ਸੀ ਜਿਸ ਕਾਰਨ ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਫੈਕਟਰੀ ਵਿੱਚ ਪਿਆ ਸਮਾਨ ਬਾਹਰ ਕੱਢਿਆ ਗਿਆ। ਉਂਜ ਅੱਗ ’ਤੇ ਕਾਬੂ ਪਾਉਣ ਲਈ ਡੇਰਾਬੱਸੀ ਤੋਂ ਇੱਕ ਅਤੇ ਚੰਡੀਗੜ੍ਹ ਤੋਂ ਦੋ ਫਾਇਰ ਟੈਂਡਰ ਮੰਗਵਾਏ ਗਏ। ਸ੍ਰੀ ਸੂਦ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕਿਆ ਪ੍ਰੰਤੂ ਮੁੱਢਲੀ ਜਾਂਚ ਵਿੱਚ ਸ਼ਾਟ ਸਰਕਟ ਨਾਲ ਅੱਗ ਲੱਗੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਸਬੰਧੀ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਉਧਰ, ਗੱਤਾ ਫੈਕਟਰੀ ਸੰਚਿਤ ਇੰਡਸਟਰੀ ਦੇ ਮਾਲਕ ਤੇਜਿੰਦਰ ਬਾਂਸਲ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੰਬਾਲਾ ਵਿਚ ਤਿੰਨ ਖੋਖੇ ਸੜੇ ਅੰਬਾਲਾ (ਨਿਜੀ ਪੱਤਰ ਪ੍ਰੇਰਕ): ਛਾਉਣੀ ਦੇ ਸੇਵਾ ਸਮਿਤੀ ਚੌਕ ਕੋਲ ਲੰਘੀ ਰਾਤ ਤਿੰਨ ਖੋਖਿਆਂ ਨੂੰ ਅੱਗ ਲੱਗ ਗਈ। ਇਸ ਅੱਗ ਵਿਚ ਹਜ਼ਾਰਾਂ ਰੁਪਏ ਦਾ ਸਮਾਨ ਸੜ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਵਿਚ ਜੁੱਟ ਗਈਆਂ। ਸੇਵਾ ਸਮਿਤੀ ਚੌਕ ਲਾਗੇ ਹੇਅਰ ਡਰੈਸਰ ਦਾ ਕੰਮ ਕਰਨ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਅੱਗ ਨਾਲ ਸੜ ਕੇ ਸਵਾਹ ਹੋ ਚੁੱਕੀ ਸੀ। ਇਸ ਦੁਕਾਨ ਵਿਚ ਉਸ ਦਾ 50 ਹਜ਼ਾਰ ਰੁਪਏ ਦਾ ਸਮਾਨ ਪਿਆ ਸੀ। ਇਸੇ ਤਰ੍ਹਾਂ ਵਿਆਹ-ਸ਼ਾਦੀਆਂ ਜਾਂ ਹੋਰ ਸਮਾਗਮਾਂ ਤੇ ਢੋਲ ਵਜਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਸੇਵਾ ਰਾਮ ਨੇ ਦੱਸਿਆ ਕਿ ਖੋਖੇ ਅੰਦਰ ਉਸ ਦੇ ਤਿੰਨ ਢੋਲ ਪਏ ਸਨ ਜੋ ਖੋਖੇ ਸਮੇਤ ਸੜ ਗਏ। ਸੜਨ ਵਾਲਾ ਤੀਜਾ ਖੋਖਾ ਓਮ ਪ੍ਰਕਾਸ਼ ਦਾ ਪਾਨ, ਬੀੜੀ, ਸਿਗਰਟ ਦਾ ਸੀ। ਉਸ ਦਾ ਕਰੀਬ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।