ਗੈਸਟ ਅਧਿਆਪਕਾਂ ਵੱਲੋਂ ਦਿੱਲੀ ਪ੍ਰਦੇਸ਼ ਭਾਜਪਾ ਦਫ਼ਤਰ ਅੱਗੇ ਪ੍ਰਦਰਸ਼ਨ

22

March

2019

ਨਵੀਂ ਦਿੱਲੀ, ਦਿੱਲੀ ਪ੍ਰਦੇਸ਼ ਭਾਜਪਾ ਦੇ ਦਫ਼ਤਰ ਅੱਗੇ ਜਿੱਥੇ ਭਾਜਪਾ ਕਾਰਕੁਨ ਹੱਥਾਂ ਵਿੱਚ ਡੰਡੇ ਫੜੀ ‘ਮੈਂ ਵੀ ਚੌਕੀਦਾਰ ਹਾਂ’ ਦੇ ਨਾਅਰੇ ਲਾ ਰਹੇ ਸਨ ਤਾਂ ਕੁੱਝ ਕਦਮਾਂ ਦੀ ਦੂਰੀ ਉਪਰ ਦਿੱਲੀ ਦੇ ਸੈਂਕੜੇ ਗੈਸਟ ਅਧਿਆਪਕ ਤਿੱਖੀ ਧੁੱਪ ਵਿੱਚ ਆਪਣੇ ਲਈ ਕੋਈ ਠੋਸ ਨੀਤੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਭਾਜਪਾ ਦੇ ਨਵੇਂ ਨਾਅਰੇ ‘ਮੈਂ ਵੀ ਚੌਕਦਾਰ ਹਾਂ’ ਨੂੰ ਅਪਣਾ ਲਿਆ ਗਿਆ ਹੈ ਤੇ ਦਫ਼ਤਰ ਦੇ ਬਾਹਰ ਜਿੱਥੇ ਇਸ ਨਾਅਰੇ ਵਾਲਾ ਸਾਮਾਨ, ਟੀ-ਸ਼ਰਟਾਂ, ਟੋਪੀਆਂ ਤੇ ਹੋਰ ਸਾਮਾਨ ਵਿਕ ਰਿਹਾ ਹੈ, ਉੱਥੇ ਹੀ ਦਰਜਨ ਦੇ ਕਰੀਬ ਕਾਰਕੁਨ ਸਥਾਨਕ ਆਗੂਆਂ ਦੇ ਦਫ਼ਤਰ ਆਉਣ ਉੱਪਰ ‘ਮੈਂ ਵੀ ਚੌਕਦਾਰ ਹਾਂ’, ‘ਮੈਂ ਵੀ ਚੌਕੀਦਾਰ ਹਾਂ’ ਦੇ ਨਾਅਰੇ ਲਾਉਣ ਲੱਗ ਜਾਂਦੇ ਹਨ। ਉਨ੍ਹਾਂ ਵੀ ਇਸ ਨਾਅਰੇ ਨਾਲ ਸਜੀਆਂ ਟੀ-ਸ਼ਰਟਾਂ ਪਹਿਨ ਰੱਖੀਆਂ ਸਨ। ਉਨ੍ਹਾਂ ਵੱਲੋਂ ਹੱਥਾਂ ਵਿੱਚ ਫੜੀਆਂ ਸੋਟੀਆਂ ਚੌਕੀਦਾਰ ਵਾਂਗ ਜ਼ਮੀਨ ‘ਤੇ ਮਾਰ ਕੇ ਜਗਾਇਆ ਜਾ ਰਿਹਾ ਸੀ ਤੇ ਮੂੰਹਾਂ ਵਿੱਚ ਦੱਬੀਆਂ ਸੀਟੀਆਂ ਵਜਾਈਆਂ ਜਾ ਰਹੀਆਂ ਸਨ। ਦੂਜੇ ਪਾਸੇ, ਕੁੱਝ ਕਦਮਾਂ ਦੀ ਦੂਰੀ ਉੱਪਰ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਗੈਸਟ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਕੇ ਭਾਜਪਾ ਆਗੂਆਂ ਨੂੰ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਦਿੱਲੀ ਪੁਲੀਸ ਨੂੰ ਉਨ੍ਹਾਂ ਨੂੰ ਭਾਜਪਾ ਦੇ ਦਫ਼ਤਰ ਦੇ ਨੇੜੇ ਫਟਕਣ ਨਹੀਂ ਸੀ ਦਿੱਤਾ ਜਾ ਰਿਹਾ। ਗੈਸਟ ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਲਈ ਕੋਈ ਠੋਸ ਨੀਤੀ ਪੇਸ਼ ਕੀਤੀ ਜਾਵੇ ਤੇ ਉਨ੍ਹਾਂ ਦਾ ਭਵਿੱਖ ਬਚਾਇਆ ਜਾਵੇ ਕਿਉਂਕਿ ਨਾ ਦਿੱਲੀ ਸਰਕਾਰ ਵੱਲੋਂ ਹੀ ਉਨ੍ਹਾਂ ਦੀ ਬਾਂਹ ਫੜੀ ਜਾ ਰਹੀ ਹੈ ਤੇ ਨਾ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ। ਉਹ ਇਸ ਹਾਲਤ ਵਿੱਚ ਕਿਧਰ ਜਾਣ, ਇਸ ਬਾਬਤ ਭਾਜਪਾ ਆਗੂਆਂ ਦਾ ਧਿਆਨ ਖਿੱਚਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਵੱਲੋਂ ਬੀਤੇ ਦਿਨੀਂ ਦਿੱਲੀ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੇ ਘਰ ਤਕ ਨਹੀਂ ਸੀ ਜਾਣ ਦਿੱਤਾ ਗਿਆ ਤੇ ਖਦੇੜ ਦਿੱਤਾ ਗਿਆ ਸੀ। ਗੈਸਟ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਂ ‘ਤੇ ਸਿਰਫ਼ ਸਿਆਸੀ ਪਾਰਟੀਆਂ ਰਾਜਸੀ ਰੋਟੀਆਂ ਹੀ ਸੇਕ ਰਹੀਆਂ ਹਨ ਪਰ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ।