ਜ਼ਾਬਤੇ ਦੀ ਉਲੰਘਣਾ: ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ

22

March

2019

ਐਸ.ਏ.ਐਸ. ਨਗਰ (ਮੁਹਾਲੀ), ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੀਤੇ ਦਿਨੀਂ ਇੱਥੋਂ ਨੇੜਲੇ ਪਿੰਡ ਚੱਪੜਚਿੜੀ ਵਿਚ ਰਾਤ ਨੂੰ ਲੋਕਾਂ ਦੇ ਘਰਾਂ ਦੀਆਂ ਕੰਧਾਂ ਉੱਤੇ ‘ਸਾਡਾ ਐੱਮਪੀ ਸਾਡਾ ਮਾਣ’ ਦੇ ਪੋਸਟਰ ਲਗਾਉਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਹੁਣ ਅਕਾਲੀ ਆਗੂ ਦੇ ਸਮਰਥਕਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਕੰਪਲੈਕਸ) ਦੇ ਐਂਟਰੀ ਗੇਟ ਅਤੇ ਚਾਰਦੀਵਾਰੀ ’ਤੇ ਚੰਦੂਮਾਜਰਾ ਦੀਆਂ ਫੋਟੋਆਂ ਵਾਲੇ ਪੋਸਟਰ ਲਗਾ ਦਿੱਤੇ ਹਨ। ਇਸ ਪੋਸਟਰ ਉੱਤੇ ‘ਸਾਡਾ ਐੱਮਪੀ ਸਾਡਾ ਮਾਣ’ ਦੇ ਬੈਨਰ ਹੇਠ ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਪਿਛਲੇ ਪੰਜ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲੋਂ ਲੰਘ ਰਹੇ ਰਾਹਗੀਰ ਨੇ ਡੀਸੀ ਕੰਪਲੈਕਸ ਦੇ ਐਂਟਰੀ ਗੇਟ ਅਤੇ ਕੰਧ ਉੱਤੇ ਅਕਾਲੀ ਆਗੂ ਦੇ ਪੋਸਟਰ ਲੱਗੇ ਦੇਖੇ ਤਾਂ ਫੋਟੋਆਂ ਖਿੱਚ ਕੇ ਡਿਪਟੀ ਕਮਿਸ਼ਨ-ਕਮ-ਜ਼ਿਲ੍ਹਾ ਚੋਣ ਅਫ਼ਸਰ, ਵਧੀਕ ਚੋਣ ਅਫ਼ਸਰ ਅਤੇ ਐੱਸਡੀਐੱਮ-ਕਮ-ਸਹਾਇਕ ਚੋਣ ਅਫ਼ਸਰ ਨੂੰ ਵਟਸਐਪ ’ਤੇ ਭੇਜ ਦਿੱਤੀਆਂ। ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੀ ਹਦਾਇਤ ’ਤੇ ਦਫ਼ਤਰੀ ਸਟਾਫ਼ ਨੇ ਇਹ ਪੋਸਟਰ ਉਤਾਰ ਦਿੱਤੇ। ਮੁਹਾਲੀ ਦੇ ਐੱਸਡੀਐੱਮ-ਕਮ-ਸਹਾਇਕ ਚੋਣ ਅਧਿਕਾਰੀ ਜਗਦੀਪ ਸਹਿਗਲ ਨੇ ਦੱਸਿਆ ਕਿ ਇਸ ਸਬੰਧੀ ਚੰਦੂਮਾਜਰਾ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਨੋਟਿਸ ਦਿੱਤਾ ਗਿਆ ਹੈ। ਅਕਾਲੀ ਦਲ (ਬ) ਦੇ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਦੁਬਾਰਾ ਅਜਿਹਾ ਨਹੀਂ ਹੋਵੇਗਾ।