ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇ

02

October

2018

ਸੰਗਰੂਰ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗੀ ਦੀ ਟੀਮ ਵੱਲੋਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਉਪਰ ਅਚਾਨਕ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੇ ਸਟਾਫ਼ ਅਤੇ ਰਿਕਾਰਡ ਦੀ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਡੀਲਰਾਂ ਦੀਆਂ ਦੁਕਾਨਾਂ ਤੋਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਦਸ ਨਮੂਨੇ ਲਏ ਗਏ ਹਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਹਦਾਇਤ ’ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਾਉਣੀ- 2018 ਦੌਰਾਨ ਫਸਲਾਂ ਲਈ ਲੋੜੀਦੇ ਮਿਆਰੀ ਕੀਟਨਾਸ਼ਕਾਂ ਜ਼ਹਿਰਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਅਚਨਚੇਤ ਚੈਕਿੰਗ ਕੀਤੀ ਗਈ ਹੈ। ਚੈਕਿੰਗ ਦੌਰਾਨ ਕੀਟਨਾਸ਼ਕਾਂ ਤੇ ਖਾਦਾਂ ਦੇ ਦਸ ਨਮੂਨੇ ਲਏ ਗਏ ਹਨ ਜਿਨ੍ਹਾਂ ਨੂੰ ਟੈਸਟ ਕਰਵਾਉਣ ਲਈ ਵੱਖ ਵੱਖ ਲੈਬਾਰਟਰੀਆਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੇ ਲਏ ਗਏ ਨਮੂਨੇ ਜੇ ਗੈਰ-ਮਿਆਰੀ ਪਾਏ ਗਏ ਤਾਂ ਡੀਲਰ ਅਤੇ ਨਿਰਮਾਤਾ ਕੰਪਨੀ ਖ਼ਿਲਾਫ਼ ਐਕਟ ਅਨੁਸਾਰ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਡੀਲਰਾਂ ਕੋਲੋਂ ਪੱਕੇ ਬਿੱਲ ਲੈਣ ਅਤੇ ਕੀਟਨਾਸ਼ਕ ਜ਼ਹਿਰਾਂ ਲੋੜ ਅਨੁਸਾਰ ਸਪਰੇਅ ਕਰਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਮਿਆਰੀ ਪੈਦਾਵਾਰ ਤੇ ਬੇਲੋੜੀਆਂ ਕੀਟਨਾਸਕ ਜ਼ਹਿਰਾਂ ਦੀ ਵਰਤੋਂ ਘੱਟ ਕਰਕੇ ਖੇਤੀ ਖਰਚੇ ਘਟਾਏ ਜਾ ਸਕਣ। ਚੈਕਿੰਗ ਟੀਮ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਤੋਂ ਇਲਾਵਾ ਡਾ. ਹਰਬੰਸ ਸਿੰਘ ਖੇਤੀਬਾੜੀ ਅਫਸਰ, ਡਾ. ਅਮਰਜੀਤ ਸਿੰਘ ਏ.ਡੀ.ਓ, ਡਾ. ਜਸਕੰਵਲ ਸਿੰਘ ਏ.ਡੀ.ਓ.(ਪੀ.ਪੀ) ਅਤੇ ਡਾ: ਸੁਹਾਬ ਅਹਿਮਦ, ਏ.ਡੀ.ਓ. (ਜ.ਕ) ਸ਼ਾਮਲ ਸਨ।