ਸੀਵਰੇਜ ਸਾਫ਼ ਕਰਦਿਆਂ ਹੋਈਆਂ ਮੌਤਾਂ ਸਬੰਧੀ ਠੇਕੇਦਾਰ ਖ਼ਿਲਾਫ਼ ਕੇਸ ਦਰਜ

22

March

2019

ਰਈਆ, ਸੀਵਰੇਜ ਸਾਫ਼ ਕਰਦਿਆਂ ਬੀਤੇ ਦਿਨ ਸਥਾਨਕ ਕਸਬੇ ਵਿਚ ਦੋ ਦਿਹਾੜੀਦਾਰ ਮਜ਼ਦੂਰਾਂ ਦੀ ਮੌਤ ਹੋਣ ਦੇ ਮਾਮਲੇ ਵਿਚ ਪੁਲੀਸ ਥਾਣਾ ਬਿਆਸ ਵਿਚ ਸੋਹਣ ਕੋਆਪਰੇਟਿਵ ਸੁਸਾਇਟੀ ਦੇ ਠੇਕੇਦਾਰ ਵਿਰੁੱਧ ਧਾਰਾ 304 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਪੱਧਰ ’ਤੇ ਕੰਮ ਕਰਦੇ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲੀਸ ਨੂੰ ਦਰਖਾਸਤਾਂ ਦਿੱਤੀਆਂ ਸਨ ਪਰ ਕਥਿਤ ਸਿਆਸੀ ਪੁਸ਼ਤ ਪਨਾਹੀ ਕਾਰਨ ਪੁਲੀਸ ਨੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ 174 ਦੀ ਕਾਰਵਾਈ ਕੀਤੀ ਸੀ। ਪੁਲੀਸ ਥਾਣਾ ਬਿਆਸ ਵਿਚ ਦਰਜ ਕੇਸ ਅਨੁਸਾਰ ਨਗਰ ਪੰਚਾਇਤ ਰਈਆ ਦੇ ਜੂਨੀਅਰ ਇੰਜਨੀਅਰ ਸਿਮਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਨਗਰ ਪੰਚਾਇਤ ਰਈਆ ਵੱਲੋਂ ਸੀਵਰੇਜ ਦੀ ਸਫ਼ਾਈ ਦਾ ਠੇਕਾ ਸੋਹਣ ਕੋਆਪ੍ਰੇਟਿਵ ਸੁਸਾਇਟੀ ਦੇ ਠੇਕੇਦਾਰ ਰਮਨ ਕੁਮਾਰ ਰੋਨੀ ਵਾਸੀ ਗਲੀ ਨੰਬਰ 5 ਰਾਣੀ ਬਾਜ਼ਾਰ ਸ਼ਰੀਫਪੁਰਾ ਅੰਮ੍ਰਿਤਸਰ ਦੇ ਨਾਮ ’ਤੇ ਲਿਖਤੀ ਇਕਰਾਰਨਾਮਾ ਕਰ ਕੇ ਅਲਾਟ ਕੀਤਾ ਸੀ, ਜਿਸ ਵਿਚ ਠੇਕੇਦਾਰ ਨਾਲ ਲਿਖਤੀ ਇਕਰਾਰਨਾਮਾ ਹੋਇਆ ਸੀ ਕਿ ਉਹ ਸਫ਼ਾਈ ਕਰਮਚਾਰੀਆਂ ਨੂੰ ਮੇਨਹੋਲ ਵਿਚ ਨਹੀਂ ਉਤਾਰੇਗਾ ਅਤੇ ਜੇ ਸ਼ਰਤਾਂ ਦੀ ਉਲੰਘਣਾ ਕਰਦਿਆਂ ਕਿਸੇ ਸਫ਼ਾਈ ਕਰਮਚਾਰੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ। ਠੇਕੇਦਾਰ ਰਮਨ ਕੁਮਾਰ ਨੇ ਸ਼ਰਤਾਂ ਦੀ ਉਲੰਘਣਾ ਕੀਤੀ, ਜਿਸ ਕਾਰਨ ਵਿਜੇ ਪ੍ਰਤਾਪ ਸਿੰਘ ਤੇ ਸੁਰੇਸ਼ ਕੁਮਾਰ ਦੀ ਮੇਨਹੋਲ਼ ਵਿਚ ਗੈੱਸ ਚੜ੍ਹਨ ਨਾਲ ਮੌਤ ਹੋ ਗਈ। ਪੁਲੀਸ ਸੂਤਰਾਂ ਅਨੁਸਾਰ ਪੁਲੀਸ ਥਾਣਾ ਬਿਆਸ ਵਿਚ ਠੇਕੇਦਾਰ ਰਮਨ ਕੁਮਾਰ ਵਾਸੀ ਅੰਮ੍ਰਿਤਸਰ ਵਿਰੁੱਧ ਧਾਰਾ 304 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।