ਪੀਡੀਏ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ: ਬੈਂਸ

19

March

2019

ਲੁਧਿਆਣਾ, ਲੋਕ ਸਭਾ ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਪਾਰਟੀ ਨੇ ਵੋਟਰਾਂ ਨੂੰ ਲੁਭਾਉਣ ਦੇ ਨਾਲ ਨਾਲ ਸਮਰਥਕਾਂ ਨਾਲ ਵੀ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਸੰਭਾਵੀ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਪੁੱਜੇ ਪਰਵਾਸੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਯੂਰੋਪ ਤੋਂ ਕਿਰਪਾਲ ਸਿੰਘ ਬਾਜਵਾ ਅਤੇ ਜਰਮਨੀ ਤੋਂ ਸੱਤਪਾਲ ਸਿੰਘ ਪੱਡਾ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਹੋਏ। ਮੀਟਿੰਗ ਵਿੱਚ ਪਰਵਾਸੀ ਕਿਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਲੜੀ ਜਾ ਰਹੀ ਜੰਗ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਜਾ ਰਹੇ ਕੰਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪੰਜਾਬ ਦਾ ਲੀਡਰ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਪਰਵਾਸੀਆਂ ਨੇ ਪਾਰਟੀ ਲਈ ਫੰਡ ਇਕੱਠਾ ਕੀਤਾ। ਦੂਜੇ ਪਾਸੇ, ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵਿਦੇਸ਼ਾਂ ਵਿੱਚ ਬੈਠੇ ਸਮੂਹ ਪਰਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਲਈ ਫੰਡ ਇਕੱਤਰ ਕਰਨਾ ਹਰ ਮੈਂਬਰ ਦਾ ਫ਼ਰਜ਼ ਹੈ, ਕਿਉਂਕਿ ਫੰਡ ਤੋਂ ਬਿਨਾਂ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਲਈ ਤਿਆਰ ਹੈ ਅਤੇ ਹਰ ਜਗ੍ਹਾ ’ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਪੀਡੀਏ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਇਸ ਦੌਰਾਨ ਪਰਵਾਸੀਆਂ ਦੇ ਵਫ਼ਦ ਦਾ ਸਨਮਾਨ ਕੀਤਾ ਗਿਆ।