Arash Info Corporation

ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ

18

March

2019

ਬਨੂੜ, ਨਜ਼ਦੀਕੀ ਪਿੰਡ ਸਲੇਮਪੁਰ ਨੱਗਲ ਦੀ ਲੜਕੀ ਨੇ ਬੀਤੇ ਦਿਨ ਜ਼ਹਿਰੀਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਨੂੜ ਪੁਲੀਸ ਨੇ ਵਿਦਿਆਰਥਣ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਪਿੰਡ ਖੇੜੀ ਗੰਡਿਆਂ (ਰਾਜਪੁਰਾ) ਦੇ ਨੌਜਵਾਨ ਅਤੇ ਕੈਨੇਡਾ ਵਿਖੇ ਪੜ੍ਹਨ ਗਏ ਸੁਖਦੀਪ ਸਿੰਘ, ਉਸ ਦੇ ਹੌਲਦਾਰ ਪਿਤਾ ਗੁਰਮੀਤ ਸਿੰਘ ਅਤੇ ਮਾਤਾ ਖਿਲਾਫ਼ ਲੜਕੀ ਨੂੰ ਵਿਆਹ ਲਈ ਮਜ਼ਬੂਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਹੈ। ਬਨੂੜ ਪੁਲੀਸ ਨੇ ਲੜਕੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੇ ਪਿਤਾ ਪ੍ਰਿੰਸ਼ ਕੁਮਾਰ ਤੇ ਚਾਚਾ ਸੁਨੀਲ ਜੋਸ਼ੀ ਨੇ ਪੁਲੀਸ ਨੂੰ ਦੱਸਿਆ ਕਿ ਸੁਖਦੀਪ ਸਿੰਘ ਨਾਲ ਉਨ੍ਹਾਂ ਦੀ ਪੁੱਤਰੀ ਦੀ ਕਾਲਜ ਵਿੱਚ ਜਾਣ-ਪਛਾਣ ਹੋਈ ਸੀ। ਉਨ੍ਹਾਂ ਦੱਸਿਆ ਕਿ ਲੜਕਾ ਕੁੱਝ ਸਮਾਂ ਪਹਿਲਾਂ ਕੈਨੇਡਾ ਚਲਾ ਗਿਆ ਤੇ ਫੋਨ ਰਾਹੀਂ ਲੜਕੀ ਨੂੰ ਆਪਣੇ ਨਾਲ ਵਿਆਹ ਕਰਨ ਲਈ ਮਜ਼ਬੂਰ ਕਰਨਾ ਆਰੰਭ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਲੜਕੀ ਵਿਆਹ ਨਾ ਕਰਵਾਉਣ ਬਾਰੇ ਜਵਾਬ ਦਿੰਦੀ ਰਹੀ ਸੀ ਤੇ ਲੜਕਾ ਉਸ ਨੂੰ ਖੁਦਕਸ਼ੀ ਕਰਨ ਅਤੇ ਲੜਕੀ ਦੇ ਪਰਿਵਾਰ ਖ਼ਿਲਾਫ਼ ਪਰਚਾ ਦਰਜ ਕਰਾਉਣ ਲਈ ਧਮਕੀਆ ਦਿੰਦਾ ਰਿਹਾ। ਉਨ੍ਹਾਂ ਦੱਸਿਆ ਕਿ ਸਬੰਧਤ ਨੌਜਵਾਨ ਦੇ ਮਾਪਿਆਂ ਨੇ ਵੀ ਉਨ੍ਹਾਂ ਦੀ ਲੜਕੀ ਨੂੰ ਕਾਲਜ ਵਿੱਚ ਜਾ ਕੇ ਆਪਣੇ ਲੜਕੇ ਨਾਲ ਵਿਆਹ ਕਰਾਉਣ ਲਈ ਧਮਕਾਇਆ। ਲੜਕੀ ਦੇ ਮਾਪਿਆਂ ਅਨੁਸਾਰ ਦੋ ਤਿੰਨ ਦਿਨ ਪਹਿਲਾਂ ਲੜਕੀ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲਬਾਤ ਦੱਸੀ ਸੀ ਤੇ ਸਹਿਮੀ ਹੋਈ ਲੜਕੀ ਨੇ ਖੁਦਕੁਸ਼ੀ ਕਰ ਲਈ। ਥਾਣਾ ਬਨੂੜ ਦੇ ਮੁਖੀ ਨਿਰਮਲ ਸਿੰਘ ਤੇ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਲੜਕੇ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੜਕੇ ਦੇ ਪਿਤਾ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।