ਪੁੱਤਰ ਤੇ ਨੂੰਹ ਵੱਲੋਂ ਮਾਤਾ-ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ

18

March

2019

ਚਮਕੌਰ ਸਾਹਿਬ, ਪਿੰਡ ਕੀੜੀ ਅਫਗਾਨਾ ਵਿਚ ਪੁੱਤਰ ਅਤੇ ਨੂੰਹ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਖੇਤਾਂ ਵਿੱਚ ਸੁੱਟ ਦਿੱਤਾ ਤੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਜ਼ੁਰਗਾਂ ਨੂੰ ਖੇਤਾਂ ਵਿੱਚੋਂ ਲਿਆ ਕੇ ਸਥਾਨਕ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਮਾਤਾ ਦੀ ਲੱਤ ਟੁੱਟ ਜਾਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਰੂਪਨਗਰ ਭੇਜਿਆ ਗਿਆ ਹੈ। ਇਥੇ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਬਜ਼ੁਰਗ ਸੁੱਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 3 ਏਕੜ ਜ਼ਮੀਨ ਸੀ ਅਤੇ ਉਸ ਦਾ ਲੜਕਾ ਬੇਅੰਤ ਸਿੰਘ ਅਤੇ ਉਸ ਦੀ ਪਤਨੀ ਰੇਖਾ ਕੁਝ ਸਮਾਂ ਪਹਿਲਾਂ ਉਨ੍ਹਾਂ ਕੋਲ ਰਹਿੰਦੇ ਸਨ। ਉਨ੍ਹਾਂ ਨੇ ਦਬਾਅ ਪਾ ਕੇ ਡੇਢ ਏਕੜ ਜ਼ਮੀਨ ਵਿਕਾ ਦਿੱਤੀ ਅਤੇ ਹੋਰ ਜ਼ਮੀਨ ਵੇਚਣ ਸਮੇਤ ਬਾਕੀ ਰਹਿੰਦੀ ਜ਼ਮੀਨ ਆਪਣੇ ਨਾਂਅ ਕਰਾਉਣ ਲਈ ਦਬਾਅ ਪਾਉਂਦੇ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਆਪਣੇ ਲੜਕੇ ਤੇ ਨੂੰਹ ਨੂੰ ਬੇਦਖ਼ਲ ਕਰ ਦਿੱਤਾ ਸੀ। ਬੇਦਖ਼ਲ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਜਾ ਕੇ ਰਹਿਣ ਲੱਗ ਪਏ। ਹੁਣ ਪੁੱਤਰ ਤੇ ਉਸ ਦੀ ਪਤਨੀ ਤਿੰਨ ਚਾਰ ਦਿਨ ਪਹਿਲਾਂ ਮੁੜ ਪਿੰਡ ਆ ਗਏ ਸਨ ਅਤੇ ਦਬਾਅ ਬਣਾਉਣ ਲੱਗੇ ਕੇ ਬੇਅੰਤ ਸਿੰਘ ਦੇ ਹਿੱਸੇ ਦੀ ਜ਼ਮੀਨ ਉਨ੍ਹਾਂ ਦੇ ਨਾਂਅ ਲਗਵਾਈ ਜਾਵੇ। ਜ਼ਮੀਨ ਲੜਕੇ ਦੇ ਨਾਮ ਲਗਾਉਣ ਤੋਂ ਮਨਾਂ ਕਰਨ ’ਤੇ ਬੇਅੰਤ ਸਿੰਘ ਤੇ ਉਸ ਦੀ ਪਤਨੀ ਰੇਖਾ ਨੇ ਸੁੱਚਾ ਸਿੰਘ ਤੇ ਉਸ ਦੀ ਪਤਨੀ ਬਲਜੀਤ ਕੌਰ ਨੂੰ ਤੰਗਲੀ (ਤੂੜੀ ਚੁੱਕਣ ਵਾਲਾ ਔਜਾਰ) ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਾਂ ਦੀਆਂ ਅੱਖਾਂ ਵਿੱਚ ਸਰਫ ਪਾ ਕੇ ਕੁੱਟਮਾਰ ਕੀਤੀ। ਜਦੋਂ ਉਹ ਭੱਜੇ ਤਾਂ ਖੇਤਾਂ ਵਿੱਚ ਵੀ ਕੁੱਟਮਾਰ ਕੀਤੀ ਜਿਸ ਨਾਲ ਮਾਂ ਦੀ ਇੱਕ ਲੱਤ ਟੁੱਟ ਗਈ। ਉਸ ਦੇ ਸਿਰ ’ਤੇ ਵੀ ਸੱਟਾਂ ਵੱਜੀਆਂ ਹਨ। ਜ਼ਖ਼ਮੀ ਸੁੱਚਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਖੇਤਾਂ ਵਿੱਚ ਡਿੱਗ ਪਏ ਤਾਂ ਨੂੰਹ-ਪੱਤਰ ਉਨ੍ਹਾਂ ਨੂੰ ਮਰਿਆ ਸਮਝ ਕੇ ਭੱਜ ਗਏ। ਹਸਪਤਾਲ ਦੇ ਡਾ. ਸੌਰਭ ਸੇਠ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਬਜ਼ੁਰਗਾਂ ਦੀ ਬੇਰਹਿਮੀ ਨਾਲ ਕੁੱਟਮਾਰ ਹੋਈ ਹੈ ਅਤੇ ਔਰਤ ਦੀ ਲੱਤ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਸੁੱਚਾ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਪਰ ਹਾਲਤ ਖਤਰੇ ਤੋਂ ਬਾਹਰ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਜ਼ਖ਼ਮੀ ਬਜ਼ੁਰਗਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।