ਅਗਵਾ ਕਰਨ ਮਗਰੋਂ 19 ਘੰਟਿਆਂ ਬਾਅਦ ਛੱਡਿਆ ਬੱਚਾ

18

March

2019

ਡੇਰਾਬੱਸੀ, ਇਥੋਂ ਦੀ ਗੁਲਾਬਗੜ੍ਹ ਸੜਕ ਤੋਂ ਲੰਘੀ ਸ਼ਾਮ 4 ਸਾਲਾਂ ਦਾ ਪਰਵਾਸੀ ਬੱਚਾ ਅਗਵਾ ਹੋ ਗਿਆ ਸੀ। ਪੁਲੀਸ ਵੱਲੋ ਵਰਤੀ ਗਈ ਚੌਕਸੀ ਕਾਰਨ ਅਗਵਾਕਾਰ, ਬੱਚੇ ਨੂੰ ਅੱਜ ਸਵੇਰੇ ਉਸ ਦੇ ਘਰ ਦੇ ਬਾਹਰ ਛੱਡ ਗਏ। ਬੱਚੇ ਨੂੰ ਅਗਵਾ ਕਰਨ ਅਤੇ ਵਾਪਸ ਛੱਡਣ ਦੀ ਘਟਨਾ ਸੀਸੀਵੀਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਸੀਆਈਏ ਇੰਚਾਰਜ ਸਤਵੰਤ ਸਿੱਧੂ ਦੀ ਅਗਵਾਈ ਹੇਠ ਸਾਰੀ ਰਾਤ ਬੱਚੇ ਦੀ ਭਾਲ ਕੀਤੀ। ਡੀ.ਐੱਸ.ਪੀ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਪ੍ਰਿੰਸ ਦੇ ਪਿਤਾ ਬਾਲ ਕਿਸ਼ੋਰ ਵਾਸੀ ਗੁਲਾਬਗੜ੍ਹ ਨੇ ਦੱਸਿਆ ਸੀ ਕਿ ਉਸ ਦੇ ਚਾਰ ਸਾਲਾਂ ਦੇ ਪੁੱਤਰ ਪ੍ਰਿੰਸ ਨੂੰ ਲੰਘੀ ਸ਼ਾਮ ਘਰ ਦੇ ਬਾਹਰੋਂ ਕੋਈ ਚੁੱਕ ਕੇ ਲੈ ਗਿਆ ਸੀ। ਇਹ ਘਟਨਾ ਘਰ ਦੇ ਨੇੜੇ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਸੀ। ਪੁਲੀਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਸੀਆਈਏ ਸਟਾਫ ਨਾਲ ਮਿਲ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਸਾਰੀ ਰਾਤ ਪ੍ਰਿੰਸ ਦੀ ਭਾਲ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਮਗਰੋਂ ਅਗਵਾਕਾਰ ਸਵੇਰੇ 11 ਵਜੇ ਬੱਚੇ ਨੂੰ ਘਰ ਦੇ ਬਾਹਰ ਛੱਡ ਗਏ। ਸੀਸੀਟੀਵੀ ਕੈਮਰੇ ਵਿੱਚ ਇਕ ਵਿਅਕਤੀ ਪੈਦਲ ਆਇਆ ਤੇ ਬੱਚੇ ਨੂੰ ਘਰ ਦੇ ਬਾਹਰ ਛੱਡ ਕੇ ਚਲਾ ਗਿਆ। ਬੱਚੇ ਦਾ ਪਿਤਾ ਡੇਰਾਬੱਸੀ ਵਿੱਚ ਲੱਕੜ ਦੀ ਦੁਕਾਨ ’ਤੇ ਮਿਸਤਰੀ ਦਾ ਕੰਮ ਕਰਦਾ ਹੈ। ਪੁਲੀਸ ਅਨੁਸਾਰ ਇਹ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦਾ ਵਸਨੀਕ ਹੈ। ਬੱਚੇ ਦੀ ਉਮਰ ਛੋਟੀ ਹੋਣ ਕਾਰਨ ਉਹ ਅਗਵਾਕਾਰਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਿਆ। ਡੀਐੱਸਪੀ ਨੇ ਕਿਹਾ ਕਿ ਅਗਵਾ ਦੀ ਘਟਨਾ ਬਾਰੇ ਪੁਲੀਸ ਨੂੰ ਫੁਟੇਜ ਮਿਲ ਗਈ ਹੈ ਤੇ ਮੁਲਜ਼ਮ ਛੇਤੀ ਹੀ ਫੜ ਲਏ ਜਾਣਗੇ। ਅਗਵਾਕਾਰ ਨੂੰ ਕਾਬੂ ਕਰਨ ਦਾ ਭਰੋਸਾ ਸੀਆਈਏ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਛੋਟਾ ਬੱਚਾ ਪ੍ਰਿੰਸ ਮਾਮਲੇ ਬਾਰੇ ਜਾਣਕਾਰੀ ਦੇਣ ਤੋਂ ਨਾਕਾਮ ਰਿਹਾ ਹੈ। ਬੱਚੇ ਨੂੰ ਵਾਪਸ ਛੱਡਣ ਵਾਲੇ ਵਿਅਕਤੀ ਦਾ ਚਿਹਰਾ ਫੁਟੇਜ ’ਚ ਸਾਫ਼ ਵਿਖਾਈ ਦੇ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਅਗਵਾਕਾਰ ਨੂੰ ਕਾਬੂ ਕਰ ਲਿਆ ਜਾਏਗਾ।