Arash Info Corporation

ਪਾਇਲ ਨੇੜੇ ਚਲਦੇ ਨਸ਼ਾ ਛਡਾਊ ਕੇਂਦਰ ਉੱਤੇ ਪੁਲੀਸ ਛਾਪਾ

02

October

2018

ਪਾਇਲ,ਪਾਇਲ ਨੇੜੇ ਪੈਂਦੇ ਪਿੰਡ ਗੋਬਿੰਦਪੁਰਾ ਤੇ ਘੁੰਗਰਾਲੀ ਰਾਜਪੂਤਾਂ ਦੇ ਵਿਚਕਾਰ ਪਿਛਲੇ ਕਰੀਬ 6 ਸਾਲਾਂ ਤੋਂ ਚਲਦੇ ਨਸ਼ਾ ਮੁਕਤੀ ਕੇਂਦਰ ਅਤੇ ਧਾਰਮਿਕ ਅਸਥਾਨ ’ਤੇ ਪੁਲੀਸ ਨੇ ਪ੍ਰਸਾਸ਼ਨ ਦੀ ਹਾਜ਼ਰੀ ਵਿੱਚ ਭਾਰੀ ਫੋਰਸ ਨਾਲ ਛਾਪਾ ਮਾਰ ਕੇ ਇੱਥੇ ਰਹਿੰਦੇ ਕਰੀਬ 135 ਨੌਜਵਾਨਾਂ ਨੂੰ ਕੱਢ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਘੁੰਗਰਾਲੀ ਦੀ ਜ਼ਮੀਨ ਵਿੱਚ ਚਲਦੇ ਨਸ਼ਾ ਮੁਕਤੀ ਕੇਂਦਰ ਨੂੰ ਧਾਰਮਿਕ ਕੇਂਦਰ ਦਾ ਨਾਂ ਦੇ ਕੇ ਚਲਾਇਆ ਜਾ ਰਿਹਾ ਸੀ ਤੇ ਇਥੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਨਸ਼ਾ ਮੁਕਤੀ ਲਈ ਛੱਡ ਜਾਂਦੇ ਸਨ ਤੇ ਬਕਾਇਦਾ ਖਰਚਾ ਵੀ ਦਿੰਦੇ ਸਨ। ਅੱਜ ਪੁਲੀਸ ਪ੍ਰਸ਼ਾਸਨ ਨੇ ਛਾਪੇਮਾਰੀ ਤੋਂ ਪਹਿਲਾਂ ਸਾਰੇ ਮੁੰਡਿਆਂ ਦੇ ਵਾਰਿਸਾਂ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਨੂੰ ਤੁਰੰਤ ਕੇਂਦਰ ਵਿੱਚ ਪੁੱਜਣ ਲਈ ਕਿਹਾ। ਪੁਲੀਸ ਵੱਲੋਂ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇੱਕ ਇੱਕ ਕਰਕੇ ਸਾਰੇ ਨੌਜਵਾਨਾਂ ਨੂੰ ਪੂਰੀ ਲਿਖਤੀ ਕਾਰਵਾਈ ਕਰਨ ਉਪਰੰਤ ਉਨ੍ਹਾਂ ਦੇ ਵਾਰਸਾਂ ਹਵਾਲੇ ਕੀਤਾ ਗਿਆ ਤੇ ਦੂਰ ਦੁਰਾਡੇ ਵਾਲੇ ਲੋਕਾਂ ਨੂੰ ਘਰ ਜਾਣ ਦੀਆਂ ਹਦਾਇਤਾਂ ਜਾਰੀ ਕਰ ਕੇ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲੀਸ ਵਿੱਚ ਸ਼ਾਮਲ ਪੁਲਿਸ ਚੌਕੀ ਕੋਟ, ਸਦਰ ਖੰਨਾ ਤੇ ਸੀਆਈ ਸਟਾਫ ਤੋਂ ਇਲਾਵਾ ਹੋਰ ਵਿੰਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਬਾਰੀਕੀ ਨਾਲ ਅਧਿਐਨ ਕਰਨ ਮਗਰੋਂ ਗੈਰ ਕਾਨੂੰਨੀ ਤੌਰ ’ਤੇ ਚੱਲਦੇ ਇਸ ਕੇਂਦਰ ਤੋਂ ਨੌਜਵਾਨਾਂ ਨੂੰ ਮੁਕਤ ਕਰਨ ਦਾ ਫੈਸਲਾ ਕੀਤਾ। ਡਿਪਟੀ ਕਮਿਸ਼ਨਰ ਤੋਂ ਨਹੀਂ ਲਈ ਸੀ ਮਨਜੂਰੀ: ਪਿੰਡ ਘੁੰਗਰਾਲੀ ਵਾਸੀ ਪਵਨਦੀਪ ਸਿੰਘ ਦੀ ਸਰਪ੍ਰਸਤੀ ਹੇਠ ਚੱਲਦੇ ਇਸ ਕੇਂਦਰ ਲਈ ਲੋੜੀਂਦੀ ਮਨਜ਼ੂਰੀ ਪ੍ਰਬੰਧਕ ਪੇਸ਼ ਨਹੀਂ ਕਰ ਸਕੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਨਸ਼ਾ ਮੁਕਤੀ ਕੇਂਦਰ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚੱਲ ਸਕਦਾ। ਮੁਕਤ ਹੋਏ ਨੌਜਵਾਨਾਂ ਨੇ ਕੁੱਟਮਾਰ ਦੇ ਦੋਸ਼ ਲਾਏ ਕੇਂਦਰ ਵਿੱਚੋਂ ਮੁਕਤ ਹੋਏ ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਰਾਜਪੁਰਾ ਨੇ ਦੱਸਿਆ ਕਿ ਕੇਂਦਰ ’ਚ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ ਸੀ ਤੇ ਕਈ ਵਾਰ ਬਿਨਾਂ ਕਿਸੇ ਕਾਰਨ ਜਲੀਲ ਕੀਤਾ ਜਾਂਦਾ ਸੀ। ਹੋਰਨਾਂ ਕੁਝ ਨੌਜਵਾਨਾਂ ਨੇ ਦੱਸਿਆ ਕਿ ਕੇਂਦਰ ਵਿੱਚ ਉਨ੍ਹਾਂ ਨਾਲ ਬਦਸਲੂਕੀ ਵੀ ਹੁੰਦੀ ਸੀ। ਪਿੰਡ ਲਿਤਰ ਦੇ ਗੁਰਦੀਪ ਸਿੰਘ ਤੇ ਹੈਪੀ ਸ਼ਰਮਾ ਤੇ ਚੰਦ ਵਰਮਾ ਵਾਸੀ ਦਿੱਲੀ ਨੇ ਦੱਸਿਆ ਕਿ ਕੇਂਦਰ ਵਿੱਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਸੀ। ਪੁਲੀਸ ਵੱਲੋਂ ਨਹੀਂ ਕੀਤਾ ਗਿਆ ਕੇਸ ਦਰਜ ਪੁਲੀਸ ਦੀ ਕਾਰਵਾਈ ਕੇਂਦਰ ਵਿੱਚ ਹਾਜ਼ਰ ਲੋਕਾਂ ਨੂੰ ਮਾਪਿਆਂ ਦੇ ਹਵਾਲੇ ਕਰਨ ਤੱਕ ਸੀਮਤ ਰਹੀ। ਐੱਸਪੀ ਖੰਨਾ ਜਸਵੀਰ ਸਿੰਘ ਅਨੁਸਾਰ ਇਹ ਕੇਂਦਰ ਧਾਰਮਿਕ ਅਸਥਾਨ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਹੈ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਇਲਾਵਾ ਗੁਰਮਤਿ ਵਿਦਿਆਲੇ ਵਜੋਂ ਪ੍ਰਚਾਰਿਆ ਜਾਂਦਾ ਹੈ। ਪੁਲੀਸ ਨੂੰ ਇਥੋਂ ਕੋਈ ਵੀ ਇਤਰਾਜਯੋਗ ਚੀਜ਼ ਨਹੀਂ ਮਿਲੀ। ਇਸ ਲਈ ਪੁਲੀਸ ਵੱਲੋਂ ਕਾਰਵਾਈ ਸੰਜਮ ਨਾਲ ਹੀ ਕੀਤੀ ਗਈ ਹੈ।