40 ਹਜ਼ਾਰ ਦੀ ‘ਲੁੱਟ’ ਨੇ ਪੁਲੀਸ ਨੂੰ ਪਾਈਆਂ ਭਾਜੜਾਂ

13

March

2019

ਚੰਡੀਗੜ੍ਹ, ਇਥੇ ਅੱਜ ਸ਼ਾਮ ਵੇਲੇ ਪੁਲੀਸ ਕੰਟਰੋਲ ਰੂਮ ਵਿਚ ਸੂਚਨਾ ਮਿਲੀ ਕਿ ਬੰਦੂਕ ਦੀ ਨੌਕ ’ਤੇ 40 ਹਜ਼ਾਰ ਰੁਪਏ ਦੀ ਲੁੱਟ-ਖੋਹ ਕੀਤੀ ਗਈ ਹੈ। ਇਸ ਕਾਰਨ ਪੁਲੀਸ ਨੂੰ ਭਾਜੜ ਪੈ ਗਈ। ਇਸੇ ਦੌਰਾਨ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਲੁੱਟ ਨਹੀਂ ਸੀ ਅਤੇ ਸਿਰਫ 13 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ ਕੰਟਰੋਲ ਰੂਮ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪੰਜਾਬ ਨੈਸ਼ਨਲ ਬੈਂਕ ਸੈਕਟਰ-26 ਵਿਚ ਬੰਦੂਕ ਦਿਖਾ ਕੇ ਇਕ ਵਿਅਕਤੀ ਕੋਲੋਂ 40 ਹਜ਼ਾਰ ਰੁਪਏ ਲੁੱਟ ਲਏ ਗਏ ਹਨ। ਪੁਲੀਸ ਨੇ ਮੌਕੇ ’ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਬਾਪੂਧਾਮ ਕਲੋਨੀ ਦਾ ਵਸਨੀਕ ਸਲਾਲੂਦੀਨ ਬੈਂਕ ਵਿਚ 13 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਆਇਆ ਸੀ। ਉਹ ਜਦੋਂ ਕਤਾਰ ਵਿਚ ਖੜ੍ਹਾ ਸੀ ਤਾਂ ਉਥੇ ਦੋ ਅਣਪਛਾਤੇ ਵਿਅਕਤੀ ਆਏ ਅਤੇ ਉਸ ਨਾਲ ਗੱਲਾਬਾਤ ਕਰਕੇ ਉਸ ਨੂੰ ਆਪਣੇ ਵਿਸਵਾਸ਼ ਵਿਚ ਲੈ ਲਿਆ। ਨੌਸਰਬਾਜ਼ ਉਸ ਨੂੰ ਸੈਕਟਰ-17 ਵਿਚ ਲੈ ਗਏ। ਉਨ੍ਹਾਂ ਨੇ ਸਲਾਲੂਦੀਨ ਨੂੰ ਇਕ ਪੈਕਟ ਫੜਾ ਕੇ ਕਿਹਾ ਕਿ ਇਸ ਵਿਚ ਡੇਢ ਲੱਖ ਰੁਪਏ ਹਨ। ਇਸੇ ਦੌਰਾਨ ਉਨ੍ਹਾਂ ਨੇ ਸਲਾਲੂਦੀਨ ਕੋਲੋਂ ਬੜੀ ਚਲਾਕੀ ਨਾਲ 13 ਹਜ਼ਾਰ ਰੁਪਏ ਲੈ ਲਏ ਅਤੇ ਉਸ ਨੂੰ ਕਿਹਾ ਕਿ ਉਹ ਸੈਕਟਰ-26 ਬੈਂਕ ਵਿਚ ਪਹੁੰਚ ਜਾਵੇ ਅਤੇ ਉਹ ਵੀ ਜਲਦ ਹੀ ਉਥੇ ਪਹੁੰਚ ਰਹੇ ਹਨ। ਸਲਾਲੂਦੀਨ ਨੇ ਕਾਫੀ ਸਮਾਂ ਉਨ੍ਹਾਂ ਦੀ ਉਡੀਕ ਕੀਤੀ ਪਰ ਜਦੋਂ ਇਹ ਵਿਅਕਤੀ ਨਾ ਪੁੱਜੇ ਤਾਂ ਉਸ ਨੇ ਪੈਕਟ ਖੋਲ੍ਹ ਕੇ ਦੇਖਿਆ। ਪੈਕਟ ਵਿਚ ਨੋਟਾਂ ਦੇ ਆਕਾਰ ਦੇ ਖਾਲੀ ਕਾਗਜ਼ ਨਿਕਲੇ। ਇਸ ਤੋਂ ਬਾਅਦ ਸਲਾਲੂਦੀਨ ਨੂੰ ਪਤਾ ਲੱਗਾ ਕਿ ਉਹ ਠੱਗਿਆ ਗਿਆ ਹੈ। ਸੈਕਟਰ-26 ਥਾਣੇ ਵਿਚ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।