ਧਰਮਸ਼ਾਲਾ ’ਚ ਪਏ ਰਹੇ ਕੂੜਾਦਾਨ; ਸਵੱਛ ਭਾਰਤ ’ਚ ਕਿਵੇਂ ਬਣਾਉਂਦਾ ਮੁਹਾਲੀ ਸਥਾਨ

12

March

2019

ਐਸਏਐਸ ਨਗਰ (ਮੁਹਾਲੀ), ਸਵੱਛ ਭਾਰਤ ਅਭਿਆਨ ਤਹਿਤ ਕਰਵਾਏ ਗਏ ‘ਸਵੱਛ ਸਰਵੇਖਣ-2019’ ’ਚ ਪੰਜਾਬ ਦੇ ਅਤਿ ਆਧੁਨਿਕ ਸ਼ਹਿਰਾਂ ਦੇ ਮੁਕਾਬਲੇ ’ਚ ਮੁਹਾਲੀ ਦਾ ਪਛੜਨਾ ਪਹਿਲਾਂ ਹੀ ਤੈਅ ਸੀ। ਸਫ਼ਾਈ ਮਾਮਲੇ ’ਚ ਸ਼ਹਿਰ ਪਿੱਛੇ ਰਹਿਣ ਲਈ ਸੂਬਾ ਸਰਕਾਰ ਤੇ ਮੁਹਾਲੀ ਨਿਗਮ ਦੇ ਅਧਿਕਾਰੀ ਬਰਾਬਰ ਦੇ ਜ਼ਿੰਮੇਵਾਰ ਹਨ। ਇਸ ਸਬੰਧੀ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਨੇ ਸਮੇਂ ਸਿਰ ਪਬਲਿਕ ਪਖਾਨਿਆਂ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ, ਉੱਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਲਾਪ੍ਰਵਾਹੀ ਦਿਖਾਉਂਦਿਆਂ ਕੂੜੇਦਾਨਾਂ ਨੂੰ ਢੁਕਵੀਆਂ ਥਾਵਾਂ ’ਤੇ ਨਹੀਂ ਰੱਖਿਆ ਤੇ ਜਿੱਥੇ ਕੂੜੇਦਾਨ ਰੱਖੇ ਗਏ, ਉਨ੍ਹਾਂ ਦੀ ਸਫ਼ਾਈ ਨਹੀਂ ਕੀਤੀ ਗਈ। ਇਸ ਸਬੰਧੀ ਮੀਡੀਆ ਵੱਲੋਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਰਹੀਆਂ ਪਰ ਨਿਗਮ ਅਧਿਕਾਰੀ ਗੂੜ੍ਹੀ ਨੀਂਦ ਤੋਂ ਨਹੀਂ ਜਾਗੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੁੰਭੜਾ ਦੀ ਧਰਮਸ਼ਾਲਾ ’ਚ ਪਿਛਲੇ ਛੇ ਮਹੀਨੇ ਤੋਂ ਕੂੜੇਦਾਨ (ਡਸਟਬੀਨ) ਪਏ ਹਨ ਪਰ ਇਨ੍ਹਾਂ ਨੂੰ ਵਰਤੋਂ ’ਚ ਨਹੀਂ ਲਿਆਂਦਾ ਗਿਆ। ਹਾਲਾਂਕਿ ਇਸ ਸਬੰਧੀ ਕਈ ਵਾਰ ਮੀਡੀਆ ’ਚ ਮੁੱਦਾ ਚੁੱਕਿਆ ਜਾਂਦਾ ਰਿਹਾ ਹੈ ਤੇ ਨਿਗਮ ਅਧਿਕਾਰੀਆਂ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਧਰਮਸ਼ਾਲਾ ’ਚ ਪਏ ਕੂੜੇਦਾਨਾਂ ਨੂੰ ਢੁਕਵੀਆਂ ਥਾਵਾਂ ’ਤੇ ਨਹੀਂ ਰੱਖਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਨਗਰ ਨਿਗਮ ਵੱਲੋਂ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਰੱਖਣ ਲਈ ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਤੇ ਜਨਤਕ ਥਾਵਾਂ ’ਤੇ ਕੂੜੇਦਾਨ ਰੱਖਣ ਲਈ ਸਬੰਧਤ ਕੌਂਸਲਰਾਂ ਨੂੰ ਨੀਲੇ ਤੇ ਹਰੇ ਰੰਗ ਦੇ ਕੂੜੇਦਾਨ (ਡਸਟਬੀਨ) ਮੁਹੱਈਆ ਕਰਵਾਏ ਸਨ ਪਰ ਪਿੰਡ ਕੁੰਭੜਾ ’ਚ ਰੱਖੇ ਜਾਣ ਵਾਲੇ ਕੂੜੇਦਾਨ ਪਿੰਡ ਦੀ ਧਰਮਸ਼ਾਲਾ ਵਿੱਚ ਸ਼ੋ-ਪੀਸ ਬਣ ਕੇ ਰਹਿ ਗਏ ਹਨ। ਜਿਸ ਕਾਰਨ ਪਿੰਡ ਵਾਸੀ ਜਿੱਥੇ ਦੇਖਦੇ ਹਨ, ਉੱਥੇ ਕੂੜਾ ਸੁੱਟ ਦਿੰਦੇ ਹਨ। ਕੀ ਕਹਿੰਦੇ ਨੇ ਨਿਗਮ ਕਮਿਸ਼ਨਰ ਮੁਹਾਲੀ ਨਿਗਮ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਸੁੱਕਾ ਤੇ ਗਿੱਲਾ ਕੂੜਾ ਵੱਖੋ ਵੱਖ ਕਰਨ ਲਈ ਸ਼ਹਿਰ ’ਚ ਘਰ ਘਰ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਮੁਹਾਲੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਕੁੰਭੜਾ ਦੀ ਧਰਮਸ਼ਾਲਾ ’ਚ ਪਿਛਲੇ ਛੇ ਮਹੀਨੇ ਤੋਂ ਕੂੜੇਦਾਨਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਭਲਕੇ ਦਫ਼ਤਰੀ ਸਟਾਫ਼ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਤੇ ਕਾਰਵਾਈ ਕੀਤੀ ਜਾਵੇਗੀ।