Arash Info Corporation

ਸੀਐੱਲਟੀਏ ਨੂੰ ਦਸ ਸਾਲਾਂ ਲਈ ਟੈਨਿਸ ਸਟੇਡੀਅਮ ਦੇਣ ਦੀ ਤਿਆਰੀ

12

March

2019

ਚੰਡੀਗੜ੍ਹ, ਯੂਟੀ ਪ੍ਰਸ਼ਾਸਨ ਦੀ ਕਮੇਟੀ ਨੇ ਚੰਡੀਗੜ੍ਹ ਲਾਅਨ ਟੈਨਿਸ ਅਕਾਦਮੀ (ਸੀਐੱਲਟੀ) ਨੂੰ ਹੀ ਸਟੇਡੀਅਮ ਚਲਾਉਣ ਦੇ ਫੈ਼ਸਲੇ ’ਤੇ ਮੋਹਰ ਲਾ ਦਿੱਤੀ ਹੈ, ਜਿਸ ਨੂੰ ਮਨਜ਼ੂਰੀ ਲਈ ਪ੍ਰਸ਼ਾਸਕ ਕੋਲ ਭੇਜਿਆ ਗਿਆ ਹੈ। ਸੀਐੱਲਟੀਏ ਨੂੰ ਅਗਲੇ ਦਸ ਸਾਲਾਂ ਲਈ ਅਕਾਦਮੀ ਚਲਾਉਣ ਲਈ ਲੀਜ਼ ਐਗਰੀਮੈਂਟ ਤਹਿਤ ਸਿਰਫ ਮਾਮੂਲੀ ਜ਼ਮੀਨ ਦਾ ਕਿਰਾਇਆ ਦੇਣਾ ਹੋਵੇਗਾ ਤੇ ਇਸ ਨੂੰ ਲੀਜ਼ ਮਨੀ ਜਮ੍ਹਾਂ ਕਰਵਾਉਣ ਤੋਂ ਛੋਟ ਦੇ ਦਿੱਤੀ ਗਈ ਹੈ। ਸੀਐੱਲਟੀਏ ਨੂੰ ਹੁਣ ਤਕ ਅਕਾਦਮੀ ਦੇਣ ਨਾਲ ਪ੍ਰਸ਼ਾਸਨ ਨੂੰ ਕਰੋੜਾਂ ਦਾ ਰਗੜਾ ਲੱਗ ਚੁੱਕਾ ਹੈ। ਸੈਕਟਰ-10 ਵਿਚ ਚਲਦੀ ਇਸ ਅਕਾਦਮੀ ਵਿਚ ਵੱਡੀ ਗਿਣਤੀ ਨੌਜਵਾਨ ਸਿਖਲਾਈ ਲੈਂਦੇ ਹਨ। ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਸਾਲ 1987 ਵਿਚ ਸੀਐੱਲਟੀਏ ਨੂੰ ਟੈਨਿਸ ਅਕਾਦਮੀ ਚਲਾਉਣ ਦੇ ਦਸ ਸਾਲਾਂ ਲਈ ਅਧਿਕਾਰ ਦਿੱਤੇ ਸਨ। ਇਸ ਸਮਝੌਤੇ ਤਹਿਤ ਸੀਐੱਲਟੀਏ ਨੇ ਸਿਰਫ ਸੌ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਅਦਾਇਗੀ ਕਰਨੀ ਸੀ। ਇਸ ਤੋਂ ਬਾਅਦ ਸੀਐੱਲਟੀਏ ਨੂੰ ਰੱਖ ਰਖਾਅ ਲਈ ਸੀਮਤ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਲ 2017 ਵਿਚ ਸੀਐੱਲਟੀਏ ਨੂੰ ਦੁਬਾਰਾ ਠੇਕਾ ਦੇਣ ਦੀ ਗੱਲ ਚੱਲੀ ਪਰ ਇਹ ਇਤਰਾਜ਼ ਲਾਇਆ ਗਿਆ ਕਿ ਸੀਐੱਲਟੀਏ ਨੇ ਵੀਹ ਸਾਲਾਂ ਵਿਚ ਮੁਰੰਮਤ ਦੇ 42.50 ਲੱਖ ਜਮ੍ਹਾਂ ਹੀ ਨਹੀਂ ਕਰਵਾਏ। ਇਸ ਕਾਰਨ ਸੀਐੱਲਟੀਏ ਨੂੰ ਇਸ ਮਾਮਲੇ ਵਿਚ ਵਿਚਾਰਿਆ ਨਹੀਂ ਗਿਆ, ਪਰ ਸੀਐੱਲਟੀਏ ਵਲੋਂ ਦੁਬਾਰਾ ਪ੍ਰਸ਼ਾਸਨ ਤਕ ਪਹੁੰਚ ਕੀਤੀ ਗਈ ਤੇ ਸੀਐੱਲਟੀਏ ਨੂੰ ਇਹ ਰਕਮ ਜਮ੍ਹਾਂ ਕਰਵਾ ਕੇ ਦੁਬਾਰਾ ਕੰਮ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ। ਰਿਕਾਰਡ ਅਨੁਸਾਰ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਤਿੰਨ ਆਈਏਐਸ ਅਧਿਕਾਰੀਆਂ ਦੀ ਕਮੇਟੀ ਬਣਾਈ ਜਿਸ ਵਿਚ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਅਜੋਏ ਸਿਨਹਾ, ਖੇਡ ਸਕੱਤਰ ਜਿਤੇਂਦਰ ਯਾਦਵ ਨੂੰ ਲੀਜ਼ ਮਨੀ ਤੈਅ ਕਰਨ ਲਈ ਕਿਹਾ ਗਿਆ। ਕਮੇਟੀ ਨੇ ਫੈਸਲਾ ਕੀਤਾ ਕਿ ਇਹ ਜ਼ਮੀਨ ਪ੍ਰਸ਼ਾਸਨ ਹੀ ਹੈ। ਇਸ ਕਰਕੇ ਲੀਜ਼ ਮਨੀ ਦੀ ਥਾਂ ਸਿਰਫ ਗਰਾਊਂਡ ਰੈਂਟ ਹੀ ਲਿਆ ਜਾਵੇ। ਨਾਨ ਸੀਐੱਲਟੀਏ ਲਈ ਬਿਹਤਰੀਨ ਇਕ ਘੰਟੇ ਦੀ ਸਿਖਲਾਈ 1500 ਰੁਪਏ ’ਚ ਚੰਡੀਗੜ੍ਹ ਦੇ ਵਸਨੀਕਾਂ ਨੂੰ ਹਮੇਸ਼ਾ ਰੋਸ ਰਹਿੰਦਾ ਹੈ ਕਿ ਟੈਨਿਸ ਸਿਖਾਉਣ ਲਈ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਕੀਤੀ ਜਾਂਦੀ ਹੈ। ਸੀਐੱਲਟੀਏ ਵਲੋਂ ਸੀਨੀਅਰ ਕੋਚ ਰਾਹੀਂ ਨਾਨ ਟਰੇਨੀਜ਼ ਸੀਐਲਟੀਏ ਤੋਂ ਇਕ ਘੰਟਾ ਸਿਖਲਾਈ ਲਈ 1500 ਰੁਪਏ ਤੇ 24 ਦਿਨਾਂ ਦੇ ਪੈਕੇਜ ਦੇ 22800 ਰੁਪਏ ਲਏ ਜਾਂਦੇ ਹਨ। ਜੇ ਆਮ ਕੋਚ ਤੋਂ ਸਿਖਲਾਈ ਲੈਣੀ ਹੈ ਤਾਂ 750 ਰੁਪਏ ਪ੍ਰਤੀ ਘੰਟਾ ਲਏ ਜਾਂਦੇ ਹਨ। ਜੇ ਕੋਈ ਨਵਾਂ ਖਿਡਾਰੀ ਅਕਾਦਮੀ ਵਿਚ ਦਾਖਲਾ ਲੈਂਦਾ ਹੈ ਤਾਂ ਉਸ ਤੋਂ ਗਰੁੱਪ ਵਿਚ ਸਿਖਾਉਣ ਦੇ ਪੰਜ ਹਜ਼ਾਰ ਰੁਪਏ ਦਾਖਲਾ ਫੀਸ ਤੇ 1800 ਦੇ ਕਰੀਬ ਮਹੀਨਾ ਫੀਸ ਲਈ ਜਾਂਦੀ ਹੈ। ਸੀਐਲਟੀਏ ਦੇ ਸਿਖਿਆਰਥੀਆਂ ਲਈ ਸੀਨੀਅਰ ਕੋਚ 730 ਰੁਪਏ ਪ੍ਰਤੀ ਘੰਟਾ ਤੇ ਆਮ ਕੋਚ 580 ਰੁਪਏ ਪ੍ਰਤੀ ਘੰਟਾ ਲੈਂਦੇ ਹਨ। ਪਿਛਲੇ ਸਾਲਾਂ ਵਿਚ ਨੁਕਸਾਨ ਹੋਇਆ: ਮੁੱਖ ਸਰਪ੍ਰਸਤ ਸੀਐੱਲਟੀਏ ਦੇ ਮੁੱਖ ਸਰਪ੍ਰਸਤ ਰਾਜਨ ਕਸ਼ਅਪ ਨੇ ਦੱਸਿਆ ਕਿ ਉਹ ਸਿਰਫ ਖਿਡਾਰੀਆਂ ਨੂੰ ਪੇਸ਼ੇਵਰ ਸਿਖਲਾਈ ਦੇ ਰਹੇ ਹਨ ਤੇ ਇਸ ਵਿਚ ਉਨ੍ਹਾਂ ਨੂੰ ਨੁਕਸਾਨ ਹੀ ਹੋ ਰਿਹਾ ਹੈ। ਦੂਜੇ ਪਾਸੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਨਿਸ ਅਕਾਦਮੀ ਵਿਚ ਕੋਈ ਵੀ ਜਾ ਕੇ ਵੇਖ ਲਵੇ ਤਾਂ ਕਿਸੇ ਵੀ ਖਿਡਾਰੀ ਨੂੰ ਵਾਰੀ ਲੈਣ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਇੰਨੀਆਂ ਮੋਟੀਆਂ ਫੀਸਾਂ ਲੈ ਕੇ ਵੀ ਕਿਵੇਂ ਕੋਈ ਅਕਾਦਮੀ ਘਾਟੇ ਵਿਚ ਜਾ ਸਕਦੀ ਹੈ। ਪ੍ਰਸ਼ਾਸਨ ਦੇ ਇਕ ਹੋਰ ਅਧਿਕਾਰੀ ਨੇ ਨਾਮ ਨਾ ਛਾਪਣ ’ਤੇ ਕਿਹਾ ਕਿ ਆਮ ਤੌਰ ’ਤੇ ਕਮੇਟੀ ਦੇ ਲਏ ਫੈ਼ਸਲੇ ਹੀ ਅੰਤਿਮ ਹੁੰਦੇ ਹਨ, ਪਰ ਇਸ ਮਾਮਲੇ ਵਿਚ ਹਾਲੇ ਪ੍ਰਸ਼ਾਸਕ ਦੀ ਮਨਜ਼ੂਰੀ ਮਿਲਣੀ ਬਾਕੀ ਹੈ।